ਚਰਖੀ ਦਾਦਰੀ: ਹਰਿਆਣਾ ਦੇ ਚਰਖੀ ਦਾਦਰੀ ਵਿੱਚ ਪੁਲਿਸ ਥਾਣੇ ਦੇ ਬਾਹਰ ਵਾਪਰੀ ਭਿਆਨਕ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਇਆ ਹੈ। ਇਸ ਸਨਸਨੀਖੇਜ਼ ਘਟਨਾ ਦੌਰਾਨ ਸੁਰੱਖਿਆ ਵਿੱਚ ਢਿੱਲ-ਮੱਠ ਦਾ ਗੰਭੀਰ ਨੋਟਿਸ ਲੈਂਦਿਆਂ 6 ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਘਟਨਾ ਦਾ ਸ਼ਿਕਾਰ ਹੋਏ 7 ਜ਼ਖਮੀ ਨੌਜਵਾਨਾਂ ਦੇ ਸਰੀਰ ‘ਚੋਂ 20 ਦੇ ਕਰੀਬ ਗੋਲੀਆਂ ਕੱਢ ਲਈਆਂ ਹਨ।
ਘਟਨਾ ਤੋਂ ਬਾਅਦ ਸੀ.ਆਈ.ਏ. ਪੁਲਿਸ ਟੀਮ ਨੇ ਹਰਕਤ ਵਿੱਚ ਆਉਂਦਿਆਂ ਬੌਂਦ-ਕਲਨੌਰ ਲਿੰਕ ਸੜਕ ‘ਤੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸ਼ੱਕੀ ਮਾਰੂਤੀ ਫਰੈਂਕਸ ਗੱਡੀ ‘ਚ ਸਵਾਰ ਹੋ ਕੇ ਜਾ ਰਹੇ ਮੁੱਖ ਸਾਜ਼ਿਸ਼ਕਰਤਾ ਰੋਹਿਤ ਉਰਫ ਕਾਟੀਆ ਵਾਸੀ ਮਾਜਰਾ (ਝੱਜਰ) ਨੇ ਜਾਨੋਂ ਮਾਰਨ ਦੀ ਨੀਅਤ ਨਾਲ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਸਵੈ-ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ ਅਤੇ ਦੋਸ਼ੀ ਦੀ ਲੱਤ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਕ ਨਾਜਾਇਜ਼ ਪਿਸਤੌਲ ਸਮੇਤ ਫੜਿਆ ਗਿਆ।
ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਹੋਰ ਦੋਸ਼ੀਆਂ ਪ੍ਰੀਤ (ਵਾਸੀ ਸਾਹੂਵਾਸ) ਅਤੇ ਯੁਦਬਿੰਦਰ (ਵਾਸੀ ਸੰਘਾ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਬੌਂਦ ਕਲਾਂ ਵਿਖੇ ਭਾਰਤੀ ਨਿਆਂ ਸੰਹਿਤਾ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
