Home ਪੰਜਾਬ ਗੁਰਦਾਸਪੁਰ ਦੇ ਨਿੱਜੀ ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ‘ਤੇ ਸ਼ਰਾਬ ਲਿਆਉਣ...

ਗੁਰਦਾਸਪੁਰ ਦੇ ਨਿੱਜੀ ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ‘ਤੇ ਸ਼ਰਾਬ ਲਿਆਉਣ ਦੇ ਦੋਸ਼…

0

ਗੁਰਦਾਸਪੁਰ: ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 5ਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ‘ਤੇ ਸਕੂਲ ਅੰਦਰ ਅਲਕੋਹਲ ਲਿਆਉਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਮੈਨੇਜਮੈਂਟ ਵੱਲੋਂ ਵਿਦਿਆਰਥੀ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਸਕੂਲ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ, ਬੱਚੇ ਦੇ ਮਾਪਿਆਂ ਨੇ ਸਕੂਲ ਮੈਨੇਜਮੈਂਟ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਬੱਚੇ ਨੇ ਸਕੂਲ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਲਿਆਂਦਾ। ਪਰਿਵਾਰ ਨੇ ਸਕੂਲ ਸਟਾਫ਼ ‘ਤੇ ਬੱਚੇ ਨੂੰ ਕਥਿਤ ਤੌਰ ‘ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਅਤੇ ਪੁੱਛਗਿੱਛ ਦੌਰਾਨ ਗਲਤ ਤਰੀਕੇ ਨਾਲ ਪੇਸ਼ ਆਉਣ ਦੇ ਦੋਸ਼ ਵੀ ਲਗਾਏ ਹਨ।

ਮਾਪਿਆਂ ਨੇ ਲਗਾਏ ਗੰਭੀਰ ਦੋਸ਼

ਬੱਚੇ ਦੀ ਮਾਤਾ ਰਿਤਿਕਾ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਇਸੇ ਸਕੂਲ ਵਿੱਚ ਪੜ੍ਹ ਰਿਹਾ ਹੈ ਅਤੇ ਇਸ ਸਮੇਂ 5ਵੀਂ ਜਮਾਤ ਦਾ ਵਿਦਿਆਰਥੀ ਹੈ। ਉਨ੍ਹਾਂ ਦੀ ਧੀ ਵੀ ਇਸੇ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦੀ ਹੈ।

ਮਾਤਾ ਦੇ ਮੁਤਾਬਕ, ਇੱਕ ਦਿਨ ਸਕੂਲ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੇ ਬਿਨਾਂ ਬੱਚੇ ਨੂੰ ਕਥਿਤ ਤੌਰ ‘ਤੇ ਡਾਂਟਿਆ ਗਿਆ ਅਤੇ ਉਸ ‘ਤੇ ਸਕੂਲ ਵਿੱਚ ਅਲਕੋਹਲ ਲਿਆਉਣ ਦੇ ਦੋਸ਼ ਲਗਾਏ ਗਏ। ਉਨ੍ਹਾਂ ਦਾ ਦਾਅਵਾ ਹੈ ਕਿ ਬਾਅਦ ਵਿੱਚ ਕੋਆਰਡੀਨੇਟਰ ਵੱਲੋਂ ਦੋਵੇਂ ਬੱਚਿਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ।

ਰਿਤਿਕਾ ਮਹਾਜਨ ਨੇ ਦੋਸ਼ ਲਗਾਇਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਦਾ ਬੱਚਾ ਡਰਿਆ ਹੋਇਆ ਘਰ ਪਹੁੰਚਿਆ ਅਤੇ ਉਸ ਨੇ ਸਕੂਲ ਜਾਣ ਤੋਂ ਇਨਕਾਰ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਸਕੂਲ ਪਹੁੰਚ ਕੇ ਜਦੋਂ ਉਨ੍ਹਾਂ ਨੇ ਮਾਮਲੇ ਸਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ।

ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਘਟਨਾਕ੍ਰਮ ਕਾਰਨ ਉਨ੍ਹਾਂ ਦੀ ਧੀ ਵੀ ਮਾਨਸਿਕ ਤੌਰ ‘ਤੇ ਪ੍ਰਭਾਵਿਤ ਹੋਈ ਹੈ। ਮਾਪਿਆਂ ਨੇ ਸਕੂਲ ਮੈਨੇਜਮੈਂਟ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਸਿੱਖਿਆ ਵਿਭਾਗ ਨੇ ਸ਼ੁਰੂ ਕੀਤੀ ਜਾਂਚ

ਇਸ ਮਾਮਲੇ ਸਬੰਧੀ ਜਦੋਂ ਗੁਰਦਾਸਪੁਰ ਦੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਮਾਪਿਆਂ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਨ ਅਤੇ ਬੱਚੇ ਤੋਂ ਵੀ ਮਾਮਲੇ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਹੀ ਅਗਲੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਫਿਲਹਾਲ ਸਿੱਖਿਆ ਵਿਭਾਗ ਦੀ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਸਕੂਲ ਵੱਲੋਂ ਲਗਾਏ ਗਏ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ ਅਤੇ ਮਾਮਲੇ ਵਿੱਚ ਕਿਸ ਪੱਧਰ ‘ਤੇ ਕਾਰਵਾਈ ਬਣਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version