Home ਪੰਜਾਬ ਅੰਮ੍ਰਿਤਸਰ ’ਚ 20 ਕਿੱਲੋ ਹੈਰੋਇਨ ਸਮੇਤ 4 ਗ੍ਰਿਫ਼ਤਾਰ,

ਅੰਮ੍ਰਿਤਸਰ ’ਚ 20 ਕਿੱਲੋ ਹੈਰੋਇਨ ਸਮੇਤ 4 ਗ੍ਰਿਫ਼ਤਾਰ,

0

ਅੰਮ੍ਰਿਤਸਰ: ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (CI) ਅੰਮ੍ਰਿਤਸਰ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੇ 20 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕਰਕੇ ਚਾਰ ਕਥਿਤ ਤੌਰ ’ਤੇ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਸਰਹੱਦ ਪਾਰੋਂ ਚੱਲ ਰਹੇ ਇੱਕ ਨਸ਼ਾ ਸਮੱਗਲਿੰਗ ਮਾਡਿਊਲ ਦੀ ਜਾਂਚ ਦੌਰਾਨ ਕੀਤੀ ਗਈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੋਹਨ ਵਾਸੀ ਬਾਬਾ ਜੀਵਨ ਸਿੰਘ ਕਲੋਨੀ, ਦੀਪਕ ਬਖ਼ਸ਼ੀ ਵਾਸੀ ਪ੍ਰਤਾਪ ਬਾਜ਼ਾਰ, ਰਿਸ਼ਭ ਕੁਮਾਰ ਵਾਸੀ ਗੋਲਡਨ ਐਵੀਨਿਊ ਅਤੇ ਈਸ਼ਾਨ ਬੇਦੀ ਵਾਸੀ ਨਿਊ ਰਣਜੀਤ ਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ।

ਪੁਲਿਸ ਨੇ ਹੈਰੋਇਨ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਕਥਿਤ ਤੌਰ ’ਤੇ ਨਸ਼ੇ ਦੀਆਂ ਖੇਪਾਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਵਰਤੇ ਜਾ ਰਹੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ।

ਇੱਕ ਹਫ਼ਤੇ ਵਿੱਚ 74 ਕਿੱਲੋ ਹੈਰੋਇਨ ਬਰਾਮਦ

ਇਸ ਕਾਰਵਾਈ ਨਾਲ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਪਿਛਲੇ ਇੱਕ ਹਫ਼ਤੇ ਦੌਰਾਨ ਬਰਾਮਦ ਕੀਤੀ ਗਈ ਹੈਰੋਇਨ ਦੀ ਕੁੱਲ ਮਾਤਰਾ 74 ਕਿੱਲੋ ਤੱਕ ਪਹੁੰਚ ਗਈ ਹੈ। ਪੁਲਿਸ ਵੱਲੋਂ ਇਸ ਦੌਰਾਨ ਵੱਖ-ਵੱਖ ਮਾਮਲਿਆਂ ਵਿੱਚ 27 ਕਿੱਲੋ, 10 ਕਿੱਲੋ, 17 ਕਿੱਲੋ ਅਤੇ ਹੁਣ 20 ਕਿੱਲੋ ਹੈਰੋਇਨ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਦੁਬਈ ਬੈਠੇ ਇੱਕ ਕਥਿਤ ਨਸ਼ਾ ਤਸਕਰ ਨਾਲ ਜੁੜਿਆ ਹੋਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਮੌਜੂਦ ਇਸ ਦੇ ਸਾਥੀ ਅਤੇ ਵਿਦੇਸ਼ਾਂ ਵਿੱਚ ਸਰਗਰਮ ਤਸਕਰ ਆਪਸ ਵਿੱਚ ਤਾਲਮੇਲ ਕਰਕੇ ਨਸ਼ੇ ਦੀ ਸਪਲਾਈ ਕਰ ਰਹੇ ਸਨ।

ਤਰਨਤਾਰਨ ਸਰਹੱਦੀ ਇਲਾਕੇ ਤੋਂ ਖੇਪ ਲਿਆਉਣ ਦੀ ਜਾਣਕਾਰੀ

ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕੀਤੀ। ਜਾਂਚ ਮੁਤਾਬਕ ਕਥਿਤ ਤੌਰ ’ਤੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਤਰਨਤਾਰਨ ਜ਼ਿਲ੍ਹੇ ਦੇ ਰਾਜਾਤਾਲ ਨੇੜਲੇ ਸਰਹੱਦੀ ਇਲਾਕੇ ਤੋਂ ਹਾਸਲ ਕੀਤੀ ਗਈ ਸੀ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਖੇਪ ਅੱਗੇ ਸਪਲਾਈ ਕਰਨ ਲਈ ਅੰਮ੍ਰਿਤਸਰ ਲਿਆਂਦੀ ਜਾ ਰਹੀ ਹੈ। ਇਸ ਤੋਂ ਬਾਅਦ CI ਦੀ ਟੀਮ ਨੇ ਦਾਣਾ ਮੰਡੀ ਅਤੇ ਸਤਲਾਣੀ ਸਾਹਿਬ ਗੁਰਦੁਆਰੇ ਦੇ ਨੇੜਲੇ ਇਲਾਕੇ ਵਿੱਚ ਕਾਰਵਾਈ ਕਰਦਿਆਂ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਪੁਲਿਸ ਨੇ 20 ਕਿੱਲੋ ਹੈਰੋਇਨ ਆਪਣੇ ਕਬਜ਼ੇ ਵਿੱਚ ਲੈ ਲਈ। ਮਾਮਲੇ ਸਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version