ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਈ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਕਾਰ ਦੇ ਅੰਦਰ ਅਚਾਨਕ ਅੱਗ ਲੱਗਣ ਕਾਰਨ 36 ਸਾਲਾ ਇੱਕ ਵਿਅਕਤੀ ਦੀ ਜ਼ਿੰਦਾ ਸੜ ਕੇ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ ਸ਼ਰਮਾ ਵਜੋਂ ਹੋਈ ਹੈ, ਜੋ ਪੰਚਕੂਲਾ ਦੇ ਨਾਲ ਲੱਗਦੇ ਪੀਰ ਮੁਛੱਲਾ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਇੰਟੀਰੀਅਰ ਡਿਜ਼ਾਈਨਰ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਅੰਦਰ ਫਸੇ ਸਾਹਿਲ ਨੂੰ ਕੱਢਣ ਲਈ ਕਾਰ ਦਾ ਦਰਵਾਜ਼ਾ ਤੋੜਨਾ ਪਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਮਾਂ ਨਾਲ ਹੋਈ ਆਖਰੀ ਗੱਲਬਾਤ
ਮੁੱਢਲੀ ਜਾਣਕਾਰੀ ਦੇ ਅਨੁਸਾਰ, ਕਾਰ ਵਿੱਚ ਅੱਗ ਲੱਗਣ ਤੋਂ ਥੋੜ੍ਹੀ ਦੇਰ ਪਹਿਲਾਂ ਸਾਹਿਲ ਨੇ ਆਪਣੀ ਮਾਂ ਨੂੰ ਫ਼ੋਨ ਕੀਤਾ ਸੀ। ਕਿਸੇ ਨੂੰ ਵੀ ਇਸ ਗੱਲ ਦੀ ਕਲਪਨਾ ਨਹੀਂ ਸੀ ਕਿ ਮਾਂ ਦੇ ਨਾਲ ਹੋਈ ਇਗ ਆਮ ਗੱਲ ਬਾਤ ਉਨ੍ਹਾਂ ਦੇ ਜੀਵਨ ਦੀ ਆਖਰੀ ਕਾਲ ਸਾਬਤ ਹੋਵੇਗੀ। ਕੁਝ ਹੀ ਦੇਰ ਬਾਅਦ ਕਾਰ ਵਿੱਚ ਅਚਾਨਕ ਅੱਗ ਭੜਕਣ ਅਤੇ ਸਾਹਿਲ ਦੇ ਝੁਲਸਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪਰਿਵਾਰ ਦਾ ਇਕਲੌਤਾ ਸਹਾਰਾ ਸੀ ਸਾਹਿਲ
ਦੱਸਿਆ ਜਾ ਰਿਹਾ ਹੈ ਕਿ ਸਾਹਿਲ ਸ਼ਰਮਾ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ, ਉਸ ਦੇ ਦੋ ਛੋਟੇ ਬੱਚੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਫਿਲਹਾਲ ਕਾਰ ਵਿੱਚ ਅੱਗ ਲੱਗਣ ਦਾ ਕਾਰਨ ਅਸਪਸ਼ਟ ਹੈ। ਅੱਗ ਕਿਨ੍ਹਾਂ ਹਾਲਾਤਾਂ ਵਿੱਚ ਲੱਗੀ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
