ਇਸਲਾਮਾਬਾਦ: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਗ੍ਰੇਗ ਚੈਪਲ ਸਮੇਤ ਦੁਨੀਆ ਦੇ 21 ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਕਪਤਾਨਾਂ ਨੇ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖਾਨ ਲਈ ਢੁਕਵੇਂ ਡਾਕਟਰੀ ਇਲਾਜ ਦੀ ਮੰਗ ਕੀਤੀ ਹੈ। ਇਸ ਪੱਤਰ ਵਿੱਚ ਭਾਰਤ ਦੇ ਮਹਾਨ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਦੇ ਨਾਮ ਵੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ 23 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੂੰ ਇਹ ਪੱਤਰ ਭੇਜਿਆ ਗਿਆ। ਸਾਬਕਾ ਕ੍ਰਿਕਟ ਕਪਤਾਨਾਂ ਨੇ ਇਮਰਾਨ ਖਾਨ ਦੀ ਸਿਹਤ ਅਤੇ ਉਨ੍ਹਾਂ ਨੂੰ ਮਿਲ ਰਹੀ ਡਾਕਟਰੀ ਸਹੂਲਤਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਮਰਾਨ ਖਾਨ ਨਾਲ ਮਨੁੱਖੀ ਅਤੇ ਢੁਕਵਾਂ ਵਿਵਹਾਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਸਿਹਤ ਨੂੰ ਪਹਿਲ ਦਿੱਤੀ ਜਾਵੇ।
ਪੱਤਰ ਵਿੱਚ ਸੁਪਰੀਮ ਕੋਰਟ ਦੇ ਹੁਕਮ ਦਾ ਹਵਾਲਾ ਦਿੰਦਿਆਂ ਇੱਕ ਸੁਤੰਤਰ ਡਾਕਟਰੀ ਜਾਂਚ ਪੂਰੀ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਸਾਬਕਾ ਕਪਤਾਨਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਸਿਹਤ ਦੀ ਸਥਿਤੀ ਦਾ ਨਿਰਪੱਖ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।
ਇਮਰਾਨ ਖਾਨ ਦਾ ਕ੍ਰਿਕਟ ਕਰੀਅਰ ਪਾਕਿਸਤਾਨ ਦੇ ਇਤਿਹਾਸ ਵਿੱਚ ਖਾਸ ਮਹੱਤਵ ਰੱਖਦਾ ਹੈ। ਉਨ੍ਹਾਂ ਦੀ ਕਪਤਾਨੀ ਹੇਠ ਪਾਕਿਸਤਾਨ ਨੇ 1992 ਦਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਰਾਜਨੀਤੀ ਵਿੱਚ ਆਏ ਅਤੇ ਬਾਅਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ।
