ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਜਲਦੀ ਹੀ 150 ਨਵੀਆਂ ਰੇਲਗੱਡੀਆਂ ਦਾ ਤੋਹਫ਼ਾ ਮਿਲਣ ਵਾਲਾ ਹੈ। ਰੇਲ ਮੰਤਰੀ ਨੇ ਕਿਹਾ ਕਿ ਇਨ੍ਹਾਂ ਰੇਲਗੱਡੀਆਂ ਵਿੱਚ 100 ਨਵੀਆਂ ਮੇਨ ਲਾਈਨ ਇਲੈਕਟ੍ਰਿਕ ਮਲਟੀਪਲ ਯੂਨਿਟ (MEMU) ਅਤੇ 50 ਨਵੀਆਂ ਨਮੋ ਭਾਰਤ ਏ.ਸੀ ਰੇਲਗੱਡੀਆਂ ਸ਼ਾਮਲ ਹਨ। ਇਨ੍ਹਾਂ ਰੇਲਗੱਡੀਆਂ ਦੇ ਆਉਣ ਨਾਲ ਛੋਟੀ ਦੂਰੀ ਦੀ ਯਾਤਰਾ ਹੋਰ ਵੀ ਆਰਾਮਦਾਇਕ ਅਤੇ ਸੁਵਿਧਾਜਨਕ ਹੋ ਜਾਵੇਗੀ।
ਯਾਤਰੀ ਰੇਲ ਨੈੱਟਵਰਕ ਦਾ ਵਿਸਥਾਰ ਅਤੇ ਆਧੁਨਿਕੀਕਰਨ-
ਰੇਲ ਮੰਤਰੀ ਨੇ ਕਿਹਾ ਕਿ ਪਹਿਲਾਂ ਤੋਂ ਚੱਲ ਰਹੀਆਂ ਯਾਤਰੀ ਰੇਲਗੱਡੀਆਂ ਨੂੰ ਬਿਹਤਰ ਬਣਾਉਣ ਲਈ 1200 ਤੋਂ ਵੱਧ ਵਾਧੂ ਜਨਰਲ ਕੋਚ ਜੋੜੇ ਗਏ ਹਨ। ਇਹ ਕਦਮ ਯਾਤਰੀਆਂ ਲਈ ਸੀਟਾਂ ਦੀ ਉਪਲਬਧਤਾ ਵਧਾਉਣ ਅਤੇ ਯਾਤਰਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਹੈ।
ਨਵੀਆਂ ਮੇਮੂ ਟ੍ਰੇਨਾਂ ਵਿੱਚ 16 ਤੋਂ 20 ਕੋਚ ਹੋਣਗੇ-
ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਨਵੀਆਂ ਮੇਮੂ ਟ੍ਰੇਨਾਂ ਵਿੱਚ ਹੁਣ 16 ਤੋਂ 20 ਕੋਚ ਹੋਣਗੇ, ਜਦੋਂ ਕਿ ਇਸ ਸਮੇਂ ਉਨ੍ਹਾਂ ਕੋਲ 8 ਜਾਂ 12 ਕੋਚ ਹਨ। ਇਸ ਨਾਲ ਵਧੇਰੇ ਯਾਤਰੀ ਇਕੱਠੇ ਯਾਤਰਾ ਕਰ ਸਕਣਗੇ। ਇਹ ਉਨ੍ਹਾਂ ਖੇਤਰਾਂ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੋਵੇਗਾ ਜਿੱਥੇ ਛੋਟੀ ਦੂਰੀ ਦੀ ਰੇਲ ਯਾਤਰਾ ਜ਼ਿਆਦਾ ਹੈ।
50 ਨਵੀਆਂ ਨਮੋ ਭਾਰਤ ਏ.ਸੀ ਟ੍ਰੇਨਾਂ-
ਸਰਕਾਰ ਨੇ ਪਹਿਲਾਂ ਤੋਂ ਚੱਲ ਰਹੀਆਂ ਨਮੋ ਭਾਰਤ ਟ੍ਰੇਨਾਂ ਵਿੱਚ 50 ਨਵੀਆਂ ਏ.ਸੀ ਟ੍ਰੇਨਾਂ ਜੋੜਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਟ੍ਰੇਨਾਂ ਨੂੰ ਯਾਤਰੀਆਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿ ਲਿਆ ਹੈ। ਨਵੀਆਂ ਏ.ਸੀ ਟ੍ਰੇਨਾਂ ਹੋਰ ਖੇਤਰਾਂ ਵਿੱਚ ਆਰਾਮਦਾਇਕ ਅਤੇ ਆਧੁਨਿਕ ਰੇਲ ਸੇਵਾ ਪ੍ਰਦਾਨ ਕਰਨਗੀਆਂ।
ਮਾਲ ਢੋਆ-ਢੁਆਈ ਲਈ ਵੱਡਾ ਕਦਮ-
ਰੇਲ ਮੰਤਰੀ ਨੇ ਹਰਿਆਣਾ ਦੇ ਮਾਨੇਸਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀਮੋਡਲ ਕਾਰਗੋ ਟਰਮੀਨਲ ਦਾ ਉਦਘਾਟਨ ਕੀਤਾ। ਇਹ ਟਰਮੀਨਲ ਰੇਲ ਅਤੇ ਸੜਕੀ ਮਾਲ ਨੂੰ ਜੋੜ ਕੇ ਲੌਜਿਸਟਿਕਸ ਵਿੱਚ ਸੁਧਾਰ ਕਰੇਗਾ। ਇਸਨੂੰ ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਦੇ ਤਹਿਤ ਵਿਕਸਤ ਕੀਤਾ ਗਿਆ ਹੈ।