ਜੰਮੂ : ਹੁਣੇ ਹੁਣੇ ਖ਼ਬਰ ਆਈ ਹੈ ਕਿ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਅੱਤਵਾਦੀ ਦੇਖੇ ਗਏ ਹਨ। ਜਿਵੇਂ ਹੀ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ, ਉਨ੍ਹਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਜੰਗਲੀ ਖੇਤਰ ਵਿੱਚ ਅੱਤਵਾਦੀ ਦੇਖੇ ਗਏ ਹਨ। ਫੌਜ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ ਅਤੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਅੱਤਵਾਦੀਆਂ ਦੀ ਮੌਜੂਦਗੀ ਦੀ ਇਸ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੇਰੇ ਚਤਰੂ ਦੇ ਸਿੰਘਪੋਰਾ ਜੰਗਲੀ ਖੇਤਰ ਵਿੱਚ ਪੁਲਿਸ ਅਤੇ ਫੌਜ ਦਾ ਸਾਂਝਾ ਸਰਚ ਅਭਿਆਨ ਸ਼ੁਰੂ ਹੋਇਆ ਅਤੇ ਇਹ ਆਖਰੀ ਰਿਪੋਰਟ ਮਿਲਣ ਤੱਕ ਜਾਰੀ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਕੁਝ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਅਤੇ ਉਨ੍ਹਾਂ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਤਾਂ ਜੋ ਭੱਜਣ ਦੇ ਸਾਰੇ ਰਸਤੇ ਬੰਦ ਕੀਤੇ ਜਾ ਸਕਣ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਸ਼ੱਕੀ ਅੱਤਵਾਦੀਆਂ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।
ਦੱਸਣਯੋਗ ਹੈ ਕਿ ਇਸ ਖੇਤਰ ਵਿੱਚ ਪਹਿਲਾਂ ਵੀ ਅੱਤਵਾਦੀ ਗਤੀਵਿਧੀਆਂ ਵੇਖੀਆਂ ਜਾ ਚੁੱਕੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਅਪ੍ਰੈਲ ਅਤੇ ਮਈ ਵਿੱਚ ਚਤਰੂ ਖੇਤਰ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਤਿੰਨ ਅੱਤਵਾਦੀ ਅਤੇ ਇਕ ਸਿਪਾਹੀ ਮਾਰਿਆ ਗਿਆ ਸੀ।