ਹਰਿਆਣਾ : ਨਿਤਿਨ ਗਡਕਰੀ ਨੇ ਫਾਸਟੈਗ ਬਾਰੇ ਵੱਡਾ ਐਲਾਨ ਕੀਤਾ ਹੈ। ਸਰਕਾਰ 15 ਅਗਸਤ ਤੋਂ ਟੋਲ ਪਲਾਜ਼ਿਆਂ ‘ਤੇ ਪਾਸ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਲੋਕਾਂ ਨੂੰ 3000 ਰੁਪਏ ਦਾ ਪਾਸ ਲੈਣਾ ਪਵੇਗਾ ਜੋ ਇਕ ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ। ਇਹ ਪਾਸ ਵਿਸ਼ੇਸ਼ ਤੌਰ ‘ਤੇ ਸਿਰਫ਼ ਨਿੱਜੀ ਵਾਹਨਾਂ (ਕਾਰਾਂ, ਜੀਪਾਂ, ਵੈਨਾਂ ਆਦਿ) ਲਈ ਤਿਆਰ ਕੀਤਾ ਗਿਆ ਹੈ। ਇਹ ਸਹੂਲਤ ਕਿਸੇ ਵਪਾਰਕ ਵਾਹਨ ਲਈ ਨਹੀਂ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ।
ਗਡਕਰੀ ਨੇ ਆਪਣੀ ਐਕਸ ਪੋਸਟ ਵਿੱਚ ਦੱਸਿਆ ਕਿ ਮਹੱਤਵਪੂਰਨ ਐਲਾਨ। ਇਕ ਇਤਿਹਾਸਕ ਪਹਿਲਕਦਮੀ ਵਜੋਂ, ₹3,000 ਦਾ FASTag ਅਧਾਰਤ ਸਾਲਾਨਾ ਪਾਸ 15 ਅਗਸਤ, 2025 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ ਇਕ ਸਾਲ ਜਾਂ 200 ਯਾਤਰਾਵਾਂ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਵੈਧ ਹੋਵੇਗਾ। ਇਹ ਪਾਸ ਵਿਸ਼ੇਸ਼ ਤੌਰ ‘ਤੇ ਸਿਰਫ਼ ਗੈਰ-ਵਪਾਰਕ ਨਿੱਜੀ ਵਾਹਨਾਂ (ਕਾਰਾਂ, ਜੀਪਾਂ, ਵੈਨਾਂ ਆਦਿ) ਲਈ ਤਿਆਰ ਕੀਤਾ ਗਿਆ ਹੈ ਅਤੇ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਨਿਰਵਿਘਨ ਯਾਤਰਾ ਸੰਭਵ ਬਣਾਏਗਾ। ਸਾਲਾਨਾ ਪਾਸ ਦੇ ਐਕਟੀਵੇਸ਼ਨ/ਨਵੀਨੀਕਰਨ ਲਈ ਹਾਈਵੇਅ ਟ੍ਰੈਵਲ ਐਪ ਅਤੇ NHAI / MORTH ਵੈੱਬਸਾਈਟਾਂ ‘ਤੇ ਜਲਦੀ ਹੀ ਇੱਕ ਵੱਖਰਾ Link ਉਪਲਬਧ ਕਰਵਾਇਆ ਜਾਵੇਗਾ, ਜੋ ਪ੍ਰਕਿਰਿਆ ਨੂੰ ਸਰਲ ਅਤੇ ਆਸਾਨ ਬਣਾ ਦੇਵੇਗਾ।
ਜਾਣੋ ਕੀ ਹੈ FASTag
FASTag ਇਕ ਇਲੈਕਟ੍ਰਾਨਿਕ ਸਟਿੱਕਰ ਹੈ। ਇਸ ਵਿੱਚ ਇਕ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਚਿੱਪ ਹੈ। ਇਹ ਵਾਹਨ ਦੀ ਵਿੰਡਸਕਰੀਨ ‘ਤੇ ਚਿਪਕਾਇਆ ਜਾਂਦਾ ਹੈ। ਇਹ ਡਰਾਈਵਰ ਦੇ ਬੈਂਕ ਖਾਤੇ ਜਾਂ FASTag ਵਾਲੇਟ ਨਾਲ ਜੁੜਿਆ ਹੁੰਦਾ ਹੈ। FASTag ਦੀ ਮਦਦ ਨਾਲ, ਟੋਲ ਪਲਾਜ਼ਾ ‘ਤੇ ਰੁਕੇ ਬਿਨਾਂ ਟੋਲ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਨਾਲ ਸਮੇਂ ਅਤੇ ਈਂਧਣ ਦੀ ਬਚਤ ਹੁੰਦੀ ਹੈ।