ਤਰਨ ਤਾਰਨ : ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਕੈਦੀਆਂ ਤੋਂ 5 ਮੋਬਾਈਲ ਅਤੇ 5 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਪੁਲਿਸ ਨੇ ਇਸ ਮਾਮਲੇ ਵਿੱਚ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜੇਲ੍ਹ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਦੱਸਿਆ ਕਿ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਤਹਿਤ ਕੈਦੀ ਜੋਗਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਕਾਜ਼ੀਕੋਟ ਤੋਂ ਇੱਕ ਟੱਚ ਸਕਰੀਨ ਮੋਬਾਈਲ ਅਤੇ ਸਿਮ, ਕੈਦੀ ਅਸੀਸ ਪੁੱਤਰ ਵਿਜੇ ਕੁਮਾਰ ਵਾਸੀ ਖੇਮਕਰਨ ਤੋਂ 1 ਟੱਚ ਸਕਰੀਨ ਮੋਬਾਈਲ ਅਤੇ ਸਿਮ, ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਲੁਧਿਆਣਾ ਤੋਂ 1 ਟੱਚ ਸਕਰੀਨ ਮੋਬਾਈਲ ਅਤੇ ਸਿਮ ਅਤੇ ਨਵਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਘਨੂੰਪੁਰ ਕਾਲੇ ਤੋਂ 1 ਟੱਚ ਸਕਰੀਨ ਮੋਬਾਈਲ ਅਤੇ ਸਿਮ ਬਰਾਮਦ ਕੀਤਾ ਗਿਆ।
ਇਸੇ ਤਰ੍ਹਾਂ ਕੈਦੀ ਕਰਨ ਦੇਵਗਨ ਪੁੱਤਰ ਰਾਕੇਸ਼ ਕੁਮਾਰ ਵਾਸੀ ਛੇਹਰਟਾ ਅਤੇ ਜੋਬਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨੌਸ਼ਹਿਰਾ ਢਾਲਾ ਤੋਂ 1 ਮੋਬਾਈਲ ਅਤੇ ਸਿਮ ਬਰਾਮਦ ਕੀਤਾ ਗਿਆ। ਇਸ ਦੌਰਾਨ, ਇਨ੍ਹਾਂ ਮੁਲਜ਼ਮਾਂ ਵਿਰੁੱਧ ਗੋਇੰਦਵਾਲ ਸਾਹਿਬ ਪੁਲਿਸ ਸਟੇਸ਼ਨ ਵਿਖੇ ਜੇਲ੍ਹ ਐਕਟ ਤਹਿਤ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।