ਮਾਨਸਾ : ਸਿੱਧੂ ਮੂਸੇਵਾਲਾ ਕਤਲਕਾਂਡ ਨੂੰ 3 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਇਸ ਮਾਮਲੇ ਵਿਚ ਅਨੇਕਾਂ ਗ੍ਰਿਫ਼ਤਾਰੀਆਂ ਵੀ ਹੋਈਆਂ ਪਰ ਜਾਂਚ ਅਜੇ ਵੀ ਕਿਸੇ ਨਾ ਕਿਸੇ ਪਹਿਲੂ ‘ਤੇ ਚੱਲ ਰਹੀ ਹੈ। ਅਕਸਰ ਉਨ੍ਹਾਂ ਦੇ ਜਨਮ ਦਿਨ ਜਾਂ ਬਰਸੀ ਮੌਕੇ ਕਿਤੇ ਨਾ ਕਿਤੇ ਇਹ ਚਰਚਾ ਛਿੜ ਪੈਂਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਬਣਾਇਆ ਕੀ ਉਹ ਸੱਚਮੁੱਚ ਇਸ ਮਾਮਲੇ ਦੇ ਮੁਲਜ਼ਮ ਹਨ ਜਾਂ ਅਸਲੀ ਸਾਜ਼ਿਸ਼ਘਾੜਾ ਅਜੇ ਵੀ ਪਰਦੇ ਪਿੱਛੇ ਹੈ।
ਬੀਤੇ ਦਿਨ ਬੀ.ਬੀ.ਸੀ ਨੇ ਐਲਾਨ ਕੀਤਾ ਕਿ ਉਹ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਇਕ ਦਸਤਾਵੇਜ਼ੀ ਫ਼ਿਲਮ ਰਿਲੀਜ਼ ਕਰੇਗੀ। ਇਸ ਐਲਾਨ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ‘ਤੇ ਇਤਰਾਜ਼ ਪ੍ਰਗਟ ਕੀਤਾ ਤੇ ਕਿਹਾ ਕਿ ਇਸ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ। ਉਹ ਆਪਣਾ ਇਹ ਇਤਰਾਜ਼ ਲੈ ਕੇ ਮਾਨਸਾ ਦੀ ਸਿਵਲ ਕੋਰਟ ਪਹੁੰਚੇ।
ਉਸ ਤੋਂ ਪਹਿਲਾਂ ਕਿ ਅਦਾਲਤ ਦਾ ਕੋਈ ਫ਼ੈਸਲਾ ਆਉਂਦਾ ਬੀ.ਬੀ.ਸੀ ਨੇ ਆਪਣੇ ਐਲਾਨ ਮੁਤਾਬਕ ਦਸਤਾਵੇਜ਼ੀ ਫ਼ਿਲਮ ਦੇ 2 ਭਾਗ ਰਿਲੀਜ਼ ਕਰ ਦਿੱਤੇ। ਜਿਸ ਵਿਚ ਗੋਲਡੀ ਬਰਾੜ ਦਾ ਕਬੂਲਨਾਮਾ ਵੀ ਸਪੱਸ਼ਟ ਸੁਣਾਈ ਦਿੰਦਾ ਹੈ। ਅੱਜ ਮਾਨਸਾ ਅਦਾਲਤ ਵਿਚ ਇਸ ਸਬੰਧੀ ਸੁਣਵਾਈ ਹੋਈ। ਜਿਥੇ ਅਦਾਲਤ ਨੇ ਬੀ.ਬੀ.ਸੀ ਤੋਂ ਜਵਾਬ ਮੰਗਿਆ ਹੈ ਤੇ ਅਗਲੀ ਸੁਣਵਾਈ 16 ਜੂਨ ਨੂੰ ਹੋਵੇਗੀ।