ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਨੇਤਾ ਪ੍ਰੋ. ਗੌਰਵ ਵੱਲਭ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਕੈਬਨਿਟ ਸਕੱਤਰੇਤ ਵੱਲੋਂ 04 ਜੂਨ ਨੂੰ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੀਸ਼ਦ ਦਾ ਕਾਰਜਕਾਲ ਦੋ ਸਾਲ ਜਾਂ ਅਗਲੇ ਹੁਕਮਾਂ ਤੱਕ ਹੋਵੇਗਾ। ਇਹ ਪ੍ਰੀਸ਼ਦ ਪ੍ਰਧਾਨ ਮੰਤਰੀ ਨੂੰ ਆਰਥਿਕ ਅਤੇ ਸੰਬੰਧਿਤ ਮੁੱਦਿਆਂ ‘ਤੇ ਸਲਾਹ ਦੇਣ ਵਾਲੀ ਸਭ ਤੋਂ ਉੱਚ ਸੰਸਥਾ ਹੈ। ਪ੍ਰੋ. ਵੱਲਭ ਨੂੰ ਇਕ ਅਰਥਸ਼ਾਸਤਰੀ ਵਜੋਂ ਆਰਥਿਕ ਸਲਾਹਕਾਰ ਪ੍ਰੀਸ਼ਦ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਹੁਣ ਪ੍ਰੋ. ਵੱਲਭ ਆਰਥਿਕ ਸਲਾਹਕਾਰ ਪ੍ਰੀਸ਼ਦ ਰਾਹੀਂ ਭਾਰਤ ਸਰਕਾਰ (ਖਾਸ ਕਰਕੇ ਪ੍ਰਧਾਨ ਮੰਤਰੀ) ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਆਰਥਿਕ ਅਤੇ ਸੰਬੰਧਿਤ ਮੁੱਦਿਆਂ ‘ਤੇ ਸਲਾਹ ਪ੍ਰਦਾਨ ਕਰਨਗੇ। ਪ੍ਰੀਸ਼ਦ ਦੇ ਚੇਅਰਮੈਨ ਅਰਥਸ਼ਾਸਤਰੀ ਐਸ. ਮਹਿੰਦਰ ਦੇਵ ਹਨ। ਭਾਜਪਾ ਨੇਤਾ ਪ੍ਰੋ. ਵੱਲਭ ਦੇਸ਼ ਅਤੇ ਵਿਦੇਸ਼ਾਂ ਵਿੱਚ ਆਈ.ਆਈ.ਐਮ. ਵਰਗੇ ਕਈ ਵੱਕਾਰੀ ਉੱਚ ਵਿ ਦਿਅਕ ਅਦਾਰਿਆਂ ਵਿੱਚ ਵਿੱਤ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਅਰਥਸ਼ਾਸਤਰੀ ਅਤੇ ਵਿੱਤ ਮਾਹਰ ਪ੍ਰੋ. ਵੱਲਭ ਨੇ ਦੁਨੀਆ ਦੇ ਸਭ ਤੋਂ ਵਧੀਆ ਅਕਾਦਮਿਕ ਰਸਾਲਿਆਂ ਵਿੱਚ 100 ਤੋਂ ਵੱਧ ਖੋਜ ਲੇਖ ਪ੍ਰਕਾਸ਼ਿਤ ਕੀਤੇ ਹਨ। ਪ੍ਰੋ. ਵੱਲਭ ਦੇ ਵੱਖ-ਵੱਖ ਸਮਕਾਲੀ ਆਰਥਿਕ ਮੁੱਦਿਆਂ ‘ਤੇ ਲੇਖ ਦੇਸ਼ ਦੇ ਨਾਮਵਰ ਅਖ਼ਬਾਰਾਂ ਵਿੱਚ ਨਿਯਮਿਤ ਤੌਰ ‘ਤੇ ਪ੍ਰਕਾਸ਼ਿਤ ਹੁੰਦੇ ਹਨ। ਆਰਥਿਕ-ਸਮਾਜਿਕ ਮੁੱਦਿਆਂ ‘ਤੇ ਆਧਾਰਿਤ ਉਨ੍ਹਾਂ ਦੇ ਬਹੁਤ ਸਾਰੇ ਖੋਜ ਪੱਤਰ ਦੇਸ਼ ਅਤੇ ਦੁਨੀਆ ਦੀਆਂ ਵੱਕਾਰੀ ਕਾਨਫਰੰਸਾਂ ਵਿੱਚ ਪੇਸ਼ ਕੀਤੇ ਗਏ ਹਨ।