ਲੁਧਿਆਣਾ : ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ‘ਤੇ, ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ, ਲੁਧਿਆਣਾ ਪੱਛਮੀ ਵਿੱਚ ਹੋਣ ਵਾਲੀ ਉਪ ਚੋਣ ਲਈ ਚੋਣ ਦੌਰਾਨ ਕੀਤੇ ਜਾਣ ਵਾਲੇ ਖਰਚੇ ਸੰਬੰਧੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਲਈ ਇੱਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਮਿੰਨੀ ਸਕੱਤਰੇਤ ਸਥਿਤ ਬਚਤ ਭਵਨ ਵਿਖੇ ਆਯੋਜਿਤ ਸਿਖਲਾਈ ਸੈਸ਼ਨ ਦੌਰਾਨ, ਆਬਜ਼ਰਵਰ ਇੰਦਾਨਾ ਅਸ਼ੋਕ ਕੁਮਾਰ, ਏ.ਡੀ.ਸੀ ਅਮਰਜੀਤ ਸਿੰਘ ਬੈਂਸ, ਹਰਜਸਦੀਪ ਸਿੰਘ, ਰਾਕੇਸ਼ ਬਾਂਸਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸੈਸ਼ਨ ਵਿੱਚ, ਚੋਣ ਲੜ ਰਹੇ 14 ਉਮੀਦਵਾਰਾਂ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਨੂੰ ਚੋਣ ਦੌਰਾਨ ਕੀਤੇ ਜਾਣ ਵਾਲੇ ਖਰਚੇ ਅਤੇ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਸੈਸ਼ਨ ਦੌਰਾਨ, ਏ.ਡੀ.ਸੀ ਬੈਂਸ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਚੋਣਾਂ ਦੌਰਾਨ 40 ਲੱਖ ਰੁਪਏ ਤੱਕ ਖਰਚ ਕਰਨ ਦੀ ਆਗਿਆ ਹੈ। ਕੋਈ ਵੀ ਉਮੀਦਵਾਰ ਇਸ ਤੋਂ ਵੱਧ ਖਰਚ ਨਹੀਂ ਕਰ ਸਕਦਾ ਅਤੇ ਆਪਣੇ ਖਰਚੇ ਦੌਰਾਨ ਖਰਚ ਰਜਿਸਟਰ ਰੱਖਣਾ ਲਾਜ਼ਮੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ, ਤਾਂ ਉਮੀਦਵਾਰ ਨੂੰ ਜੁਰਮਾਨਾ ਜਾਂ ਸਜ਼ਾ ਹੋ ਸਕਦੀ ਹੈ। ਉਮੀਦਵਾਰ ਨੂੰ ਨਾਮਜ਼ਦਗੀ ਦਾਖਲ ਕਰਨ ਦੇ ਦਿਨ ਤੋਂ ਹੀ ਖਰਚ ਰਜਿਸਟਰ ਵਿੱਚ ਪੂਰਾ ਹਿਸਾਬ ਰੱਖਣਾ ਹੋਵੇਗਾ। ਉਮੀਦਵਾਰ ਨੂੰ ਚੋਣ ਨਤੀਜਿਆਂ ਦੇ 30 ਦਿਨਾਂ ਦੇ ਅੰਦਰ ਇਸ ਖਰਚੇ ਦਾ ਹਿਸਾਬ ਦੇਣਾ ਹੋਵੇਗਾ।