ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ (2025) ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਹੋਮਵਰਕ ਤਿਆਰ ਕੀਤਾ ਹੈ। ਇਹ ਹੋਮਵਰਕ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ, ਪੰਜਾਬੀ, ਗਣਿਤ, ਈ.ਵੀ.ਐਸ., ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਵਿੱਚ ਦਿੱਤਾ ਜਾਵੇਗਾ। ਹੋਮਵਰਕ ਪੀ.ਡੀ.ਐਫ. ਫਾਰਮੈਟ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸਨੂੰ ਪੰਜਾਬ ਐਜੂਕੇਅਰ ਐਪ ‘ਤੇ ਅਪਲੋਡ ਕਰ ਦਿੱਤਾ ਗਿਆ ਹੈ।
ਐਸ.ਸੀ.ਈ.ਆਰ.ਟੀ. ਵੱਲੋਂ ਜਾਰੀ ਇਕ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਹੋਮਵਰਕ ਵਿਦਿਆਰਥੀਆਂ ਤੱਕ ਪਹੁੰਚੇ। ਇਹ ਕੋਸ਼ਿਸ਼ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਕੀਤੀ ਜਾ ਰਹੀ ਹੈ। ਐਸ.ਸੀ.ਈ.ਆਰ.ਟੀ. ਡਾਇਰੈਕਟਰ ਅਰਵਿੰਦ ਕੌਰ ਨੇ ਕਿਹਾ ਕਿ ਹੋਮਵਰਕ ਦਾ ਉਦੇਸ਼ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਜਾਰੀ ਰੱਖਣਾ ਹੈ।