ਕਪੂਰਥਲਾ: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰ ਵਿੱਚ ਸਥਿਤ ਮਾਤਾ ਭਦਰਕਾਲੀ ਮੰਦਿਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਭਦਰਕਾਲੀ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਸਰਕਾਰ ਨੇ 23 ਮਈ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਪੀ. ਸਿਨਹਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਉਪ-ਮੰਡਲ ਕਪੂਰਥਲਾ ਅਧੀਨ ਆਉਂਦੇ ਸਰਕਾਰੀ ਦਫ਼ਤਰਾਂ, ਕਾਰਪੋਰੇਸ਼ਨਾਂ, ਬੋਰਡਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਛੁੱਟੀ ਰਹੇਗੀ। ਹਾਲਾਂਕਿ, ਉਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਜਿੱਥੇ ਉਸ ਦਿਨ ਪ੍ਰੀਖਿਆਵਾਂ ਹੋਣੀਆਂ ਹਨ, ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਕਰਵਾਈਆਂ ਜਾਣਗੀਆਂ।
ਪਿੰਡ ਸ਼ੇਖੂਪੁਰ ਵਿੱਚ ਸਥਿਤ ਮਾਤਾ ਭਦਰਕਾਲੀ ਮੰਦਿਰ ਹੁਣ ਸ਼ਰਧਾਲੂਆਂ ਦੀ ਆਸਥਾ ਦਾ ਮੁੱਖ ਕੇਂਦਰ ਬਣ ਗਿਆ ਹੈ। ਇੱਥੇ 78ਵਾਂ ਸਾਲਾਨਾ ਮੇਲਾ ਸ਼ੁਰੂ ਹੋ ਗਿਆ ਹੈ, ਜੋ 24 ਮਈ ਤੱਕ ਜਾਰੀ ਰਹੇਗਾ। 22 ਮਈ ਨੂੰ ਮੰਦਰ ਤੋਂ ਇਕ ਵਿਸ਼ਾਲ ਜਲੂਸ ਵੀ ਕੱਢਿਆ ਜਾਵੇਗਾ।