ਮਹਾਰਾਸ਼ਟਰ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਅੱਜ ਇਕ ਤੇਜ਼ ਰਫ਼ਤਾਰ ਟਰੱਕ ਨੇ ਇਕ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਟਰੱਕ ਦੇ ਨਦੀ ਵਿੱਚ ਡਿੱਗਣ ਤੋਂ ਬਾਅਦ ਦੋ ਲੋਕਾਂ ਦੇ ਡੁੱਬਣ ਦਾ ਖਦਸ਼ਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਤੇਜ਼ ਰਫ਼ਤਾਰ ਟਰੱਕ ਨੇ ਇਕ ਆਟੋਰਿਕਸ਼ਾ ਨੂੰ ਮਾਰੀ ਟੱਕਰ
ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਇਹ ਹਾਦਸਾ ਸਵੇਰੇ ਕਲਿਆਣ ਸ਼ਹਿਰ ਵਿੱਚ ਵਾਪਰਿਆ। ਕਲਿਆਣ ਟ੍ਰੈਫਿਕ ਵਿਭਾਗ ਦੇ ਸਬ-ਇੰਸਪੈਕਟਰ ਬਡਗੁਜਰ ਨੇ ਦੱਸਿਆ ਕਿ ਟਰੱਕ ਨੇ ਪੁਲ ‘ਤੇ ਇਕ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਅਤੇ ਰੇਲਿੰਗ ਤੋੜ ਕੇ ਗੰਧਾਰੀ ਨਦੀ ਵਿੱਚ ਡਿੱਗ ਗਿਆ।
ਇਕ ਔਰਤ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਆਟੋਰਿਕਸ਼ਾ ਸਵਾਰ ਇਕ ਔਰਤ ਦੀ ਮੌਤ ਹੋ ਗਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਆਟੋਰਿਕਸ਼ਾ ਜਾਂ ਟਰੱਕ ਵਿੱਚ ਕਿੰਨੇ ਲੋਕ ਸਨ। ਮੁੱਖ ਫਾਇਰ ਅਫਸਰ ਨਾਮਦੇਵ ਚੌਧਰੀ ਨੇ ਕਿਹਾ ਕਿ ਟਰੱਕ ਪੂਰੀ ਤਰ੍ਹਾਂ ਨਦੀ ਵਿੱਚ ਡੁੱਬ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਦੋ ਲੋਕ ਸਨ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਟੱਕਰ ਇੰਨੀ ਜ਼ੋਰਦਾਰ ਸੀ ਕਿ ਪੁਲ ਦੀ 10 ਫੁੱਟ ਉੱਚੀ ਰੇਲਿੰਗ ਟੁੱਟ ਗਈ ਅਤੇ ਟਰੱਕ ਗੰਧਾਰੀ ਨਦੀ ਵਿੱਚ ਡਿੱਗ ਗਿਆ। ਉਸ ਸਮੇਂ ਨੇੜੇ ਕੋਈ ਹੋਰ ਵਾਹਨ ਨਹੀਂ ਸੀ।