ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਨੌਜ਼ਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮਿਸ਼ਨ ਰੋਜ਼ਗਾਰ ਤਹਿਤ, ਮੁੱਖ ਮੰਤਰੀ ਮਾਨ ਨੇ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਸੀ.ਐਮ ਮਾਨ ਨੇ 11 ਵਿਭਾਗਾਂ ਵਿੱਚ ਨਿਯੁਕਤ 450 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲਗਭਗ 450 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਚੰਡੀਗੜ੍ਹ ਵਿੱਚ ਹੋਏ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਖੇਤੀਬਾੜੀ ਵਿਭਾਗ ਵਿੱਚ 184 ਉਮੀਦਵਾਰਾਂ, ਜਲ ਸਰੋਤ ਵਿਭਾਗ ਵਿੱਚ 28 ਉਮੀਦਵਾਰਾਂ, ਖੇਡ ਵਿਭਾਗ ਵਿੱਚ 55 ਕੋਚਾਂ, ਸਥਾਨਕ ਸਰਕਾਰਾਂ ਵਿਭਾਗ ਵਿੱਚ 63 ਫਾਇਰਮੈਨ ਅਤੇ 24 ਸਹਾਇਕ ਟਾਊਨ ਪਲੈਨਰਾਂ, ਸਿਹਤ ਵਿਭਾਗ ਵਿੱਚ 6 ਉਮੀਦਵਾਰਾਂ, ਸਿੱਖਿਆ ਵਿਭਾਗ ਵਿੱਚ 26 ਉਮੀਦਵਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ 26 ਉਮੀਦਵਾਰਾਂ, ਪੁੱਡਾ ਵਿੱਚ 22 ਉਮੀਦਵਾਰਾਂ, ਆਬਕਾਰੀ ਅਤੇ ਕਰ ਵਿਭਾਗ ਵਿੱਚ 2 ਉਮੀਦਵਾਰਾਂ, ਵਿੱਤ ਵਿਭਾਗ ਵਿੱਚ 10 ਉਮੀਦਵਾਰਾਂ ਅਤੇ ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਵਿੱਚ 4 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਤੁਸੀਂ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਜੇਕਰ ਨੌਜ਼ਵਾਨਾਂ ਨੂੰ ਇੱਥੇ ਰੁਜ਼ਗਾਰ ਮਿਲਦਾ ਹੈ ਤਾਂ ਉਹ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ-ਸੁਖਦੇਵ ਸਮੇਤ ਕਈ ਸ਼ਹੀਦਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਭਜਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪਰ ਹੁਣ ਅਸੀਂ ਅੰਗਰੇਜ਼ਾਂ ਲਈ ਕੰਮ ਕਰਨ ਲਈ ਵਾਪਸ ਜਾ ਰਹੇ ਹਾਂ।
ਇਸ ਦੇ ਨਾਲ ਹੀ ਸੀ.ਐਮ ਮਾਨ ਨੇ ਕਿਹਾ ਕਿ ਨੌਜ਼ਵਾਨ 37 ਸਾਲ ਦੀ ਉਮਰ ਵਿੱਚ ਸਰਕਾਰੀ ਨੌਕਰੀਆਂ ਦੀ ਦੌੜ ਤੋਂ ਬਾਹਰ ਹੋ ਜਾਂਦੇ ਹਨ ਅਤੇ ਨੇਤਾਵਾਂ ਲਈ ਕੋਈ ਸੇਵਾਮੁਕਤੀ ਦੀ ਉਮਰ ਨਹੀਂ ਹੁੰਦੀ। ਆਗੂਆਂ ਨੂੰ 60 ਸਾਲ ਦੀ ਉਮਰ ਵਿੱਚ ਵੀ ਟਿਕਟਾਂ ਮਿਲਦੀਆਂ ਹਨ। ਸੀ.ਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ 54 ਹਜ਼ਾਰ ਤੋਂ ਵੱਧ ਨੌਜ਼ਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਵੀ ਸਾਡੇ ਰੁਜ਼ਗਾਰ ਨੂੰ ਚੁਣੌਤੀ ਨਾ ਦੇ ਸਕੇ, ਕੰਮ ਸਥਾਈ ਤੌਰ ‘ਤੇ ਕੀਤਾ ਜਾ ਰਿਹਾ ਹੈ।