ਹੈਦਰਾਬਾਦ: ਹੈਦਰਾਬਾਦ ਦੇ ਚਾਰ ਮੀਨਾਰ ਦੇ ਨੇੜੇ ਗੁਲਜ਼ਾਰ ਹਾਊਸ ਦੀ ਇਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ । ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ । ਮੁੱਖ ਮੰਤਰੀ ਰੇਵੰਤ ਰੈਡੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਗੁਲਜ਼ਾਰ ਵਿੱਚ ਲੱਗੀ ਭਿਆਨਕ ਅੱਗ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਤੇ 11 ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸ਼ੱਕ ਹੈ ਕਿ ਅੱਗ ਇਮਾਰਤ ਵਿੱਚ ਲੱਗੇ ਏ.ਸੀ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਇਸ ਵੇਲੇ 11 ਫਾਇਰ ਬ੍ਰਿਗੇਡ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ, ਦੂਜੇ ਪਾਸੇ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਲਈ 10 ਐਂਬੂਲੈਂਸਾਂ ਵੀ ਬੁਲਾਈਆਂ ਗਈਆਂ ਹਨ। ਫਾਇਰ ਬ੍ਰਿਗੇਡ ਅਨੁਸਾਰ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ, ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅੱਗ ਵਿੱਚ ਫਸੇ 8 ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।
3 ਬੱਚਿਆਂ ਸਮੇਤ 14 ਲੋਕਾਂ ਨੂੰ ਕੱਢਿਆ ਗਿਆ ਬਾਹਰ
ਫਾਇਰ ਫਾਈਟਰਾਂ ਦੇ ਅਨੁਸਾਰ, ਚਾਰ ਪਰਿਵਾਰਾਂ ਦੇ ਦਰਜਨਾਂ ਲੋਕ ਅਜੇ ਵੀ ਇਸ ਇਮਾਰਤ ਵਿੱਚ ਫਸੇ ਹੋਏ ਹਨ। ਹੁਣ ਤੱਕ ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ਵਿੱਚ 14 ਲੋਕ ਸ਼ਾਮਲ ਹਨ, ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਸਾਰੇ ਬੁਰੀ ਤਰ੍ਹਾਂ ਸੜ ਗਏ ਹਨ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੇਖਦੇ ਹੀ ਦੇਖਦੇ ਧਾਰਨ ਕੀਤਾ ਭਿਆਨਕ ਰੂਪ
ਪੁਲਿਸ ਅਨੁਸਾਰ ਇਮਾਰਤ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਨੂੰ ਬਹੁਤ ਗਰਮੀ ਸੀ ਅਤੇ ਘਰ ਵਿੱਚ ਲੱਗੇ ਸਾਰੇ ਏ.ਸੀ ਚੱਲ ਰਹੇ ਸਨ। ਇਸ ਕਾਰਨ ਘਰ ਦੀਆਂ ਤਾਰਾਂ ਗਰਮ ਹੋ ਗਈਆਂ। ਇਸ ਦੌਰਾਨ, ਤਾਰਾਂ ਨੂੰ ਅੱਗ ਲੱਗ ਗਈ ਅਤੇ ਇਸ ਵਿੱਚੋਂ ਨਿਕਲਦੀ ਚੰਗਿਆੜੀ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਸਥਾਨਕ ਲੋਕਾਂ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਲੋਕਾਂ ਨੂੰ ਬਾਹਰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ।