ਮੋਹਾਲੀ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਆਏ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ। ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਪੁਸ਼ਪਿੰਦਰ ਧਾਲੀਵਾਲ ਉਰਫ਼ ਪਿੰਕੀ ਧਾਲੀਵਾਲ ਦੇ ਘਰ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਦੇ ਦੱਸਣ ਮੁਤਾਬਕ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦੇਰ ਸ਼ਾਮ ਸੈਕਟਰ-71 ਸਥਿਤ ਪਿੰਕੀ ਧਾਲੀਵਾਲ ਦੇ ਘਰ ’ਤੇ ਗੋਲ਼ੀਆਂ ਚਲਾਈਆਂ।
ਐੱਸ. ਐੱਸ. ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਤੇ ਡੀ.ਐੱਸ.ਪੀ. ਸਿਟੀ 1 ਪ੍ਰਿਥਵੀ ਸਿੰਘ ਚਾਹਲ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਿੰਕੀ ਧਾਲੀਵਾਲ ਦੇ ਘਰ ਦੇ ਗੇਟ ਅਤੇ ਕੰਧਾਂ ’ਤੇ ਗੋਲ਼ੀਆਂ ਦੇ ਨਿਸ਼ਾਨ ਸਨ। ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਪੁਲਿਸ ਬਦਮਾਸ਼ਾਂ ਦੀ ਪਛਾਣ ਕਰਨ ਲਈ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਦੱਸਣਯੋਗ ਹੈ ਕਿ ਪਿੰਕੀ ਧਾਲੀਵਾਲ ਹਾਲ ਹੀ ਵਿਚ ਉਸ ਸਮੇਂ ਸੁਰਖੀਆਂ ’ਚ ਆਇਆ ਸੀ, ਜਦੋਂ ਗਾਇਕਾ ਸੁਨੰਦਾ ਸ਼ਰਮਾ ਨੇ ਉਨ੍ਹਾਂ ’ਤੇ ਘਟੀਆ ਵਰਤਾਓ ਕਰਨ ਦਾ ਦੋਸ਼ ਲਾਇਆ ਸੀ।
ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ ਉਹ ਬਹੁਤ ਹੀ ਪੌਸ਼ ਇਲਾਕਾ ਹੈ। ਇਹ ਇਲਾਕਾ ਥਾਣਾ ਮਟੌਰ ਅਧੀਨ ਪੈਂਦਾ ਹੈ ,ਇੱਥੇ ਬਹੁਤ ਸਾਰੇ ਮਸ਼ਹੂਰ ਲੋਕਾਂ ਦੇ ਘਰ ਹਨ। ਇੱਥੇ ਰਾਜਨੀਤਿਕ ਲੋਕ ਵੀ ਰਹਿੰਦੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਅਲਰਟ ਮੋਡ ‘ਤੇ ਹੈ। ਹਾਲਾਂਕਿ, ਇਹ ਸਪੱਸ਼ਟ ਹੈ ਕਿ ਦੋਸ਼ੀ ਬਚ ਨਹੀਂ ਸਕਣਗੇ, ਕਿਉਂਕਿ ਇੱਥੋਂ ਦੇ ਜ਼ਿਆਦਾਤਰ ਘਰਾਂ ਅਤੇ ਸੜਕਾਂ ‘ਤੇ ਕੈਮਰੇ ਲੱਗੇ ਹੋਏ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਪਛਾਣ ਕਰਨਾ ਸੰਭਵ ਹੈ।