ਪਟਿਆਲਾ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਕਿ ਲੰਬਿਤ ਖਾਨਗੀ ਤਕਸੀਮ, ਨਿਸ਼ਾਨਦੇਹੀ, ਖਸਰਾ-ਗਿਰਦਾਵਰੀ ਤੇ ਨੰਬਰਦਾਰੀ ਦੇ ਕੇਸਾਂ ਨੂੰ ਤੈਅ ਸਮੇਂ ‘ਚ ਨਿਪਟਾਇਆ ਜਾਵੇ। ਪਟਿਆਲਾ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕੰਮ ਦਾ ਨਿਪਟਾਰਾ ਕਰਨ ਲਈ ਅਧਿਕਾਰੀ ਦੇ ਟੀਚੇ ਮਿਥਦਿਆਂ ਕਿਹਾ ਕਿ ਅਗਲੇ 15 ਦਿਨਾਂ ਦੇ ਅੰਦਰ ਛੇ ਮਹੀਨੇ ਤੋਂ ਵੱਧ ਸਮੇਂ ਤੋਂ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਤਕਸੀਮ ਤੇ ਮਿਣਤੀ ਆਦਿ ਦੇ ਕੇਸ ਜੋ ਖਾਲੀ ਜ਼ਮੀਨ ਵੇਲੇ ਹੀ ਹੋ ਸਕਦੇ ਹਨ, ਉਨ੍ਹਾਂ ਦਾ ਨਿਪਟਾਰਾ ਵੀ ਤੁਰੰਤ ਕੀਤਾ ਜਾਵੇ।
ਇਸ ਦੌਰਾਨ ਸਾਰੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਨੂੰ ਆਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨੀ ਰਿਕਾਰਡ ਅਤੇ ਮਾਲ ਵਿਭਾਗ ਨਾਲ ਜੁੜੇ ਅਤੇ ਲੰਬਿਤ ਕੰਮਾਂ ਸਮੇਤ ਵੱਖ-ਵੱਖ ਕਾਰਪੋਰੇਸ਼ਨਾਂ, ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਆਦਿ ਦੀ ਬਕਾਇਆ ਮਾਲੀਆ ਰਿਕਵਰੀ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇ। ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਸਰਕਾਰੀ ਦਫ਼ਤਰਾਂ ‘ਚ ਆਪਣੇ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣੀ ਵੀ ਯਕੀਨੀ ਬਣਾਈ ਜਾਵੇ ਅਤੇ ਫੀਲਡ ਵਿਜ਼ਿਟ ਕਰਕੇ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ। ਇਸ ਤੋਂ ਬਿਨ੍ਹਾਂ ਸਮੂਹ ਐਸ.ਡੀ.ਐਮਜ਼ ਆਪਣੇ ਅਧੀਨ ਤਹਿਸੀਲਾਂ ਤੇ ਸਬ ਤਹਿਸੀਲਾਂ ਦੀ ਪੜਤਾਲ ਵੀ ਕਰਨ।
ਡਿਪਟੀ ਕਮਿਸ਼ਨਰ ਨੇ ਮਾਲ ਅਧਿਕਾਰੀਆਂ ਕੋਲ ਲੰਬਿਤ ਇੰਤਕਾਲਾਂ, ਜਮ੍ਹਾਂਬੰਦੀਆਂ ਦੀ ਵੈਲੀਡੇਸ਼ਨ, ਪੜਤਾਲਾਂ, ਪੈਮਾਇਸ਼ਾਂ, ਤਕਸੀਮਾਂ, ਭਾਰ-ਮੁਕਤ ਅਰਜ਼ੀਆਂ ਤੇ ਮਾਲੀਆ ਵਸੂਲੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ। ਇਸ ਮੌਕੇ ਉਨ੍ਹਾਂ ਮਾਲ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਜਾਣਿਆ ਤੇ ਉਨ੍ਹਾਂ ਦਾ ਮੌਕੇ ‘ਤੇ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਐਸ ਡੀ ਐਮਜ ਡਾ. ਇਸਮਤ ਵਿਜੇ ਸਿੰਘ, ਅਵਿਕੇਸ਼ ਗੁਪਤਾ, ਅਸ਼ੋਕ ਕੁਮਾਰ, ਰਿਚਾ ਗੋਇਲ, ਮੁੱਖ ਮੰਤਰੀ ਫੀਲਡ ਅਫਸਰ ਸਤੀਸ਼ ਕੁਮਾਰ ਤੋਂ ਇਲਾਵਾ ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਮੌਜੂਦ ਸਨ।