ਮੁੰਬਈ : ਟੈਸਟ ਮੈਦਾਨ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਇਕ ਦਿਨ ਬਾਅਦ, ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਅੱਜ ਵ੍ਰਿੰਦਾਵਨ ਪਹੁੰਚੇ। ਇਹ ਜੋੜਾ ਪ੍ਰਸਿੱਧ ਅਧਿਆਤਮਿਕ ਗੁਰੂ ਪ੍ਰੇਮਾਨੰਦ ਮਹਾਰਾਜ ਨੂੰ ਵਰਿੰਦਾਵਨ ਧਾਮ ਵਿਖੇ ਮਿਲਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਜੋੜੇ ਨੂੰ ਸਵਾਮੀ ਪ੍ਰੇਮਾਨੰਦ ਮਹਾਰਾਜ ਦਾ ਚੇਲਾ ਮੰਨਿਆ ਜਾਂਦਾ ਹੈ ਅਤੇ ਅਕਸਰ ਵ੍ਰਿੰਦਾਵਨ ਵਿੱਚ ਦੇਖਿਆ ਜਾਂਦਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪ੍ਰੇਮਾਨੰਦ ਮਹਾਰਾਜ ਜੀ ਨੂੰ ਮਿਲੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ । ਕੁਝ ਮਹੀਨੇ ਪਹਿਲਾਂ ਵੀ ਅਨੁਸ਼ਕਾ ਅਤੇ ਵਿਰਾਟ ਆਪਣੇ ਦੋ ਬੱਚਿਆਂ ਨਾਲ ਮਹਾਰਾਜ ਜੀ ਨੂੰ ਮਿਲਣ ਆਏ ਸਨ। ਇਸ ਦੌਰਾਨ ਪ੍ਰੇਮਾਨੰਦ ਜੀ ਨੇ ਵਿਰਾਟ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਦੇਸ਼ ਦੇ ਲਈ ਖੇਡਣ ਲਈ ਪ੍ਰੇਰਿਤ ਕੀਤਾ।
ਭਾਰਤ ਦੇ ਸਭ ਤੋਂ ਸਫ਼ਲ ਟੈਸਟ ਕਪਤਾਨ ਅਤੇ ਪਿਛਲੇ ਦਹਾਕੇ ਤੋਂ ਭਾਰਤੀ ਬੱਲੇਬਾਜ਼ੀ ਦੇ ਧੁਰੇ ਵਿਰਾਟ ਕੋਹਲੀ ਨੇ ਬੀਤੇ ਦਿਨ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ, ਜਿਸ ਨਾਲ ਇਸ ਫਾਰਮੈਟ ਦੇ ਇਸ ਮਹਾਨ ਖਿਡਾਰੀ ਦੇ ਸੁਨਹਿਰੀ ਕਰੀਅਰ ਦਾ ਅੰਤ ਹੋ ਗਿਆ, ਜਿਸਨੂੰ ਟੀ-20 ਦੇ ਯੁੱਗ ਵਿੱਚ ਵੀ ਰਵਾਇਤੀ ਕ੍ਰਿਕਟ ਦੇ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਗਿਣਿਆ ਜਾਂਦਾ ਹੈ। ਛੱਤੀਸ ਸਾਲਾ ਕੋਹਲੀ ਨੇ ਪਿਛਲੇ ਸਾਲ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈ ਲਿਆ ਸੀ। ਹੁਣ ਉਹ ਸਿਰਫ਼ ਇਕ ਦਿਨਾ ਕ੍ਰਿਕਟ ਖੇਡਣਗੇ। ਕੋਹਲੀ ਨੇ ਮੰਨਿਆ ਕਿ ਇਹ ਫ਼ੈਸਲਾ ਲੈਣਾ ਆਸਾਨ ਨਹੀਂ ਸੀ।