ਲਖਨਊ : ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਰਕਾਰੀ ਅਤੇ ਨਿੱਜੀ ਜ਼ਮੀਨ ‘ਤੇ ‘ਗੈਰ-ਕਾਨੂੰਨੀ’ ਧਾਰਮਿਕ ਸਥਾਨਾਂ ਵਿਰੁੱਧ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ, ਪਿਛਲੇ ਕੁਝ ਦਿਨਾਂ ਵਿੱਚ ਸੈਂਕੜੇ ਮਦਰੱਸਿਆਂ, ਮਸਜਿਦਾਂ, ਮਕਬਰਿਆਂ ਅਤੇ ਈਦਗਾਹਾਂ ਨੂੰ ਨਿਸ਼ਾਨਬੱਧ ਕੀਤਾ ਹੈ ਅਤੇ ਉਨ੍ਹਾਂ ਨੂੰ ਸੀਲ ਕਰਨ ਅਤੇ ਢਾਹੁਣ ਦੀ ਕਾਰਵਾਈ ਕੀਤੀ ਹੈ। ਰਾਜ ਸਰਕਾਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ, ਗੈਰ-ਕਾਨੂੰਨੀ ਕਬਜ਼ਿਆਂ ਅਤੇ ਮਾਨਤਾ ਤੋਂ ਬਿਨਾਂ ਚਲਾਏ ਜਾ ਰਹੇ ਧਾਰਮਿਕ ਸੰਸਥਾਵਾਂ ਵਿਰੁੱਧ ਕਾਰਵਾਈ ਬੀਤੇ ਦਿਨ ਵੀ ਜਾਰੀ ਰਹੀ।
6 ਜ਼ਿਲ੍ਹਿਆਂ ਵਿੱਚ ਗੈਰ-ਕਾਨੂੰਨੀ ਧਾਰਮਿਕ ਸਥਾਨਾਂ ‘ਤੇ ਪ੍ਰਸ਼ਾਸਨ ਦੀ ਕਾਰਵਾਈ
ਬਿਆਨ ਅਨੁਸਾਰ, “ਪ੍ਰਸ਼ਾਸਨ ਨੇ ਰਾਜ ਦੇ ਪੀਲੀਭੀਤ, ਸ਼੍ਰਾਵਸਤੀ, ਬਲਰਾਮਪੁਰ, ਬਹਿਰਾਈਚ, ਸਿਧਾਰਥਨਗਰ ਅਤੇ ਮਹਾਰਾਜਗੰਜ ਜ਼ਿਲ੍ਹਿਆਂ ਵਿੱਚ ਗੈਰ-ਕਾਨੂੰਨੀ ਧਾਰਮਿਕ ਸਥਾਨਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਹੈ।” ਬਿਆਨ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਯੋਗੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਧਰਮ ਦੇ ਨਾਮ ‘ਤੇ ਜ਼ਮੀਨ ‘ਤੇ ਕਬਜ਼ੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਰਹੇਗੀ।
ਸ਼੍ਰਾਵਸਤੀ ਵਿੱਚ 104 ਮਦਰੱਸੇ, ਮਸਜਿਦਾਂ ਅਤੇ ਧਾਰਮਿਕ ਸਥਾਨ ਸੀਲ , ਇਕ ਢਾਹ ਦਿੱਤਾ ਗਿਆ
ਬਿਆਨ ਅਨੁਸਾਰ, ਸ਼੍ਰਾਵਸਤੀ ਵਿੱਚ “10 ਅਤੇ 11 ਮਈ ਨੂੰ ਸਰਕਾਰੀ ਅਤੇ ਨਿੱਜੀ ਜ਼ਮੀਨ ‘ਤੇ ਗੈਰ-ਕਾਨੂੰਨੀ ਤੌਰ ‘ਤੇ ਬਣੇ 104 ਮਦਰੱਸੇ, ਇਕ ਮਸਜਿਦ, ਪੰਜ ਧਾਰਮਿਕ ਸਥਾਨ ਅਤੇ ਦੋ ਈਦਗਾਹਾਂ ਦੀ ਪਛਾਣ ਕੀਤੀ ਗਈ। ਇਨ੍ਹਾਂ ਸਾਰਿਆਂ ਨੂੰ ਨੋਟਿਸ ਦੇਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ।” ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ, ਜਨਤਕ ਜ਼ਮੀਨ ‘ਤੇ ਸਥਿਤ ਇਕ ਗੈਰ-ਕਾਨੂੰਨੀ ਮਦਰੱਸੇ ਨੂੰ ਢਾਹ ਦਿੱਤਾ ਗਿਆ ਹੈ ਜਦੋਂ ਕਿ ਨਿੱਜੀ ਜ਼ਮੀਨ ‘ਤੇ ਬਣੇ ਦੋ ਅਣ-ਮਾਨਤਾ ਪ੍ਰਾਪਤ ਮਦਰੱਸਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 350 ਤੋਂ ਵੱਧ ਗੈਰ-ਕਾਨੂੰਨੀ ਧਾਰਮਿਕ ਸਥਾਨਾਂ ਦੀ ਪਛਾਣ
ਬਿਆਨ ਅਨੁਸਾਰ, ਬਹਿਰਾਈਚ, ਸਿਧਾਰਥਨਗਰ, ਮਹਾਰਾਜਗੰਜ, ਲਖੀਮਪੁਰ ਖੇੜੀ, ਬਲਰਾਮਪੁਰ ਅਤੇ ਪੀਲੀਭੀਤ ਵਿੱਚ ਜਨਤਕ ਜ਼ਮੀਨ ‘ਤੇ ਬਣੀਆਂ ਗੈਰ-ਕਾਨੂੰਨੀ ਮਸਜਿਦਾਂ ਦੀ ਪਛਾਣ ਕੀਤੀ ਗਈ ਹੈ ਅਤੇ ਨੋਟਿਸ ਜਾਰੀ ਕੀਤੇ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 350 ਤੋਂ ਵੱਧ ‘ਗੈਰ-ਕਾਨੂੰਨੀ ਧਾਰਮਿਕ ਸਥਾਨਾਂ’ ਵਿਰੁੱਧ ਕਾਰਵਾਈ ਕੀਤੀ ਗਈ ਹੈ।