ਵੈਨਕੂਵਰ : ਹਾਲ ਹੀ ‘ਚ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਜੇਤੂ ਰਹੀ ਲਿਬਰਲ ਪਾਰਟੀ ਮੁੜ ਸੱਤਾ ‘ਚ ਆਉਣ ਜਾ ਰਹੀ ਹੈ। ਇਸ ਸੰਬੰਧ ਵਿੱਚ ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ 12 ਮਈ ਨੂੰ ਲਿਬਰਲ ਆਗੂ ਮਾਰਕ ਕਾਰਨੀ ਦੀ ਅਗਵਾਈ ‘ਚ ਨਵੀਂ ਸਰਕਾਰ ਦਾ ਗਠਨ ਹੋਣ ਸਬੰਧੀ ਰਸਮੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਮੌਕੇ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲੰਪ ਟਰੰਪ, ਕਿੰਗ ਚਾਰਲਸ ਸਮੇਤ ਹੋਰਨਾ ਉੱਘੀਆਂ ਹਸਤੀਆਂ ਦੇ ਸ਼ਾਮਿਲ ਹੋਣ ਦਾ ਕਿਆਸ ਕੀਤਾ ਜਾ ਰਿਹਾ ਹੈ|
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਰਾਬਰ ਹੋਵੇਗੀ। ਕੈਬਨਿਟ ਨੂੰ ਮੰਗਲਵਾਰ ਸਵੇਰੇ 10:30 ਵਜੇ ਓਟਵਾ ਦੇ ਰਾਈਡੌ ਹਾਲ ਵਿਖੇ ਗਵਰਨਰ ਜਨਰਲ ਮੈਰੀ ਸਾਈਮਨ ਸਹੁੰ ਚੁਕਾਉਣਗੇ। ਉਨ੍ਹਾਂ ਦੀ ਪਹਿਲੀ ਕੈਬਨਿਟ ਵਿੱਚ ਸਿਰਫ਼ 24 ਮੰਤਰੀ ਸਨ, ਜਦ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 39 ਮੈਂਬਰੀ ਕੈਬਨਿਟ ਹੁੰਦੀ ਸੀ। ਪ੍ਰਧਾਨ ਮੰਤਰੀ ਨੇ ਆਪਣੀ ਦੂਸਰੀ ਕੈਬਿਨਟ ਦੇ ਆਕਾਰ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਕੁਝ ਨਵੇਂ ਚੁਣੇ ਗਏ ਐਮਪੀਜ਼ ਨੂੰ ਸ਼ਾਮਲ ਕਰਨ ਲਈ ਇਹ ਉਨ੍ਹਾਂ ਦੀ ਨਵੀਂ ਕੈਬਨਿਟ ਪਿਛਲੀ ਨਾਲੋਂ ਥੋੜ੍ਹੀ ਵੱਡੀ ਹੋ ਸਕਦੀ ਹੈ।
ਲਿਬਰਲ ਸੂਤਰਾਂ ਨੇ ਦੱਸਿਆ ਕਿ ਕਾਰਨੀ ਕੈਬਨਿਟ ਵਿਚ ਸੀਨੀਅਰ ਮੰਤਰੀਆਂ ਦੇ ਨਾਲ ਰਾਜ ਮੰਤਰੀਆਂ ਦੇ ਅਹੁਦੇ ਵੀ ਹੋ ਸਕਦੇ ਹਨ ।
ਜ਼ਿਕਰਯੋਗ ਇਹ ਹੈ ਕਿ ਐੱਮ.ਪੀ ਦੀ ਸਾਲਾਨਾ ਤਨਖ਼ਾਹ $209,800 ਹੁੰਦੀ ਹੈ, ਪਰ ਪ੍ਰਧਾਨ ਮੰਤਰੀ ਦੀ ਤਨਖ਼ਾਹ ਇਸ ਨਾਲੋਂ ਦੁੱਗਣੀ ਹੁੰਦੀ ਹੈ। ਕਾਰਨੀ ਦੇ ਕੈਬਨਿਟ ਮੰਤਰੀਆਂ ਦੀ ਮੂਲ ਤਨਖ਼ਾਹ ਵਿਚ $99,900 ਵਾਧੂ ਮਿਲਣਗੇ, ਜਦ ਕਿ ਕੈਬਨਿਟ ਵਿੱਚ ਸਟੇਟ ਸਕੱਤਰਾਂ ਨੂੰ $74,700 ਵਾਧੂ ਮਿਲਣਗੇ।28 ਅਪਰੈਲ ਨੂੰ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਇਸ ਮਹੀਨੇ 26 ਮਈ ਨੂੰ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋ ਰਹੀ ਹੈ।