ਰਾਜਸਥਾਨ : ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਵੱਲੋਂ ਪਾਕਿਸਤਾਨ ਅਤੇ ਪੀ.ਓ.ਕੇ. ਵਿੱਚ ਸਟੀਕਸ਼ਨ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਇਕ ਦਿਨ ਬਾਅਦ, ਰਾਜਸਥਾਨ ਅਤੇ ਪੰਜਾਬ ਦੇ ਸਰਹੱਦੀ ਰਾਜਾਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਕਿਸੇ ਵੀ ਸੰਭਾਵੀ ਫੌਜੀ ਤਣਾਅ ਨਾਲ ਨਜਿੱਠਣ ਲਈ ਦੋਵਾਂ ਰਾਜਾਂ ਵਿੱਚ ਵੱਡੇ ਪੱਧਰ ‘ਤੇ ਚੌਕਸੀ ਰੱਖੀ ਜਾ ਰਹੀ ਹੈ।
ਰਾਜਸਥਾਨ ਵਿੱਚ ਸੁਰੱਖਿਆ ਸਖ਼ਤ
ਰਾਜਸਥਾਨ, ਜਿਸਦੀ ਪਾਕਿਸਤਾਨ ਨਾਲ 1,037 ਕਿਲੋਮੀਟਰ ਲੰਬੀ ਸਰਹੱਦ ਹੈ, ਇਸ ਸਮੇਂ ਹਾਈ ਅਲਰਟ ‘ਤੇ ਹੈ। ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਸੀਮਾ ਸੁਰੱਖਿਆ ਬਲ (BSF) ਨੂੰ ਸ਼ੱਕੀ ਗਤੀਵਿਧੀ ਦਿਖਾਈ ਦੇਣ ‘ਤੇ “ਦੇਖਦਿਆਂ ਹੀ ਗੋਲੀ ਮਾਰਨ” ਦੇ ਹੁਕਮ ਦਿੱਤੇ ਗਏ ਹਨ। ਭਾਰਤੀ ਹਵਾਈ ਸੈਨਾ ਨੇ ਪੱਛਮੀ ਸੈਕਟਰ ਵਿੱਚ ਗਸ਼ਤ ਵਧਾ ਦਿੱਤੀ ਹੈ ਅਤੇ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਜੋਧਪੁਰ, ਕਿਸ਼ਨਗੜ੍ਹ ਅਤੇ ਬੀਕਾਨੇਰ ਹਵਾਈ ਅੱਡਿਆਂ ਤੋਂ ਉਡਾਣਾਂ ‘ਤੇ 9 ਮਈ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ, ਤਾਂ ਜੋ ਲੜਾਕੂ ਜਹਾਜ਼ਾਂ ਦੀ ਗਸ਼ਤ ਵਿੱਚ ਕੋਈ ਰੁਕਾਵਟ ਨਾ ਆਵੇ। ਸੁਖੋਈ-30 ਐਮ.ਕੇ.ਆਈ. ਲੜਾਕੂ ਜਹਾਜ਼ ਸ਼੍ਰੀਗੰਗਾਨਗਰ ਤੋਂ ਕੱਛ ਦੇ ਰਣ ਤੱਕ ਅਸਮਾਨ ਦੀ ਨਿਗਰਾਨੀ ਕਰ ਰਹੇ ਹਨ।
ਸਰਹੱਦੀ ਜ਼ਿਲ੍ਹਿਆਂ ਵਿੱਚ ਬਲੈਕਆਊਟ ਅਤੇ ਸਕੂਲ ਬੰਦ
ਬੀਕਾਨੇਰ, ਸ਼੍ਰੀਗੰਗਾਨਗਰ, ਜੈਸਲਮੇਰ ਅਤੇ ਬਾੜਮੇਰ ਜ਼ਿਲ੍ਹਿਆਂ ਵਿੱਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਜੈਸਲਮੇਰ ਅਤੇ ਜੋਧਪੁਰ ਵਿੱਚ ਦੁਪਹਿਰ 12 ਵਜੇ ਤੋਂ ਸਵੇਰੇ 4 ਵਜੇ ਤੱਕ ਬਲੈਕਆਊਟ ਲਗਾਇਆ ਗਿਆ ਹੈ ਤਾਂ ਜੋ ਦੁਸ਼ਮਣ ਦੇ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਸਾਧਣ ‘ਚ ਮੁਸ਼ਕਲ ਆਵੇ।