ਛੱਤੀਸਗੜ੍ਹ : ਛੱਤੀਸਗੜ੍ਹ ਅਤੇ ਤੇਲੰਗਾਨਾ ਦੇ ਬੀਜਾਪੁਰ ਦੀ ਸਰਹੱਦ ‘ਤੇ ਕਰੇਗੁੱਟਾ ਪਹਾੜੀ ‘ਤੇ ਚੱਲ ਰਹੇ ਹੁਣ ਤੱਕ ਦੇ ਸਭ ਤੋਂ ਵੱਡੇ ਨਕਸਲ ਵਿਰੋਧੀ ਆਪ੍ਰੇਸ਼ਨ ਦੇ ਵਿਚਕਾਰ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਤੇਲੰਗਾਨਾ ਦੇ ਵਾਜੀਦੂ ਇਲਾਕੇ ਵਿੱਚ ਘਾਤ ਲਗਾ ਕੇ ਬੈਠੇ ਨਕਸਲੀਆਂ ਨੇ ਗ੍ਰੇਹਾਊਂਡਸ ਫੋਰਸ ਟੀਮ ਨੂੰ ਨਿਸ਼ਾਨਾ ਬਣਾਇਆ ਅਤੇ ਇਕ ਆਈ.ਈ.ਡੀ ਧਮਾਕਾ ਕੀਤਾ ਜਿਸ ਵਿੱਚ 5 ਵੀਰ ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਗ੍ਰੇਹਾਊਂਡਜ਼ ਦੀ ਇਹ ਟੀਮ ਆਪ੍ਰੇਸ਼ਨ ਵਿੱਚ ਸ਼ਾਮਲ ਹੋਣ ਲਈ ਵਾਜੀਦੂ ਤੋਂ ਰਵਾਨਾ ਹੋਈ ਸੀ। ਸਰਹੱਦੀ ਖੇਤਰ ਵਿੱਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਇਹ ਦਰਦਨਾਕ ਧਮਾਕਾ ਹੋਇਆ। ਹਾਲਾਂਕਿ, ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਵਿੱਚ ਬਹਾਦਰੀ ਦਿਖਾਈ ਅਤੇ 8 ਨਕਸਲੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿੱਚ ਨਕਸਲੀ ਸੰਗਠਨ ਦੇ ਸੀਨੀਅਰ ਮੈਂਬਰ ਸੀ.ਸੀ ਮੈਂਬਰ ਚੰਦਰਾਨਾ ਅਤੇ ਐਸ.ਜ਼ੈਡ.ਸੀ.ਐਮ. ਬੰਡੀ ਪ੍ਰਕਾਸ਼ ਵੀ ਸ਼ਾਮਲ ਹਨ। ਫਿਲਹਾਲ , ਮੁਕਾਬਲਾ ਜਾਰੀ ਹੈ ਅਤੇ ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ।
ਕਰੇਗੁੱਟਾ ਆਪਰੇਸ਼ਨ ਵਿੱਚ ਹੁਣ ਤੱਕ 22 ਨਕਸਲੀ ਢੇਰ
ਛੱਤੀਸਗੜ੍ਹ ਅਤੇ ਤੇਲੰਗਾਨਾ ਦੀ ਸਰਹੱਦ ‘ਤੇ ਸਥਿਤ ਕਰੇਗੁੱਟਾ ਪਹਾੜੀਆਂ ਵਿੱਚ ਸੁਰੱਖਿਆ ਬਲਾਂ ਨੂੰ ਹੁਣ ਤੱਕ ਵੱਡੀ ਸਫਲਤਾ ਮਿਲੀ ਹੈ, ਜੋ ਇਸ ਨਕਸਲ ਵਿਰੋਧੀ ਕਾਰਵਾਈ ਦਾ ਕੇਂਦਰ ਬਣ ਗਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੀ ਘੇਰਾਬੰਦੀ ਅਤੇ ਤੀਬਰ ਤਲਾਸ਼ੀ ਮੁਹਿੰਮ ਦੇ ਨਤੀਜੇ ਵਜੋਂ, ਹੁਣ ਤੱਕ 22 ਨਕਸਲੀ ਮਾਰੇ ਗਏ ਹਨ। 6 ਮਈ ਦੀ ਰਾਤ ਨੂੰ ਕੀਤੇ ਗਏ ਇਕ ਵੱਡੇ ਆਪ੍ਰੇਸ਼ਨ ਵਿੱਚ, ਸੁਰੱਖਿਆ ਬਲਾਂ ਨੇ ਇਕ ਤੋਂ ਬਾਅਦ ਇਕ ਕਈ ਨਕਸਲੀਆਂ ਨੂੰ ਮਾਰ ਦਿੱਤਾ। ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਸੁਰੱਖਿਆ ਬਲ ਕਰੇਗੁੱਟਾ ਪਹਾੜੀ ‘ਤੇ ਪੂਰਾ ਕੰਟਰੋਲ ਹਾਸਲ ਕਰ ਲੈਣਗੇ ਕਿਉਂਕਿ ਉਨ੍ਹਾਂ ਨੇ ਤਿੰਨ ਵਿੱਚੋਂ ਦੋ ਪਹਾੜੀਆਂ ‘ਤੇ ਕਬਜ਼ਾ ਕਰ ਲਿਆ ਹੈ।