ਮੁੰਬਈ : ਮੁੰਬਈ ਇੰਡੀਅਨਜ਼ ਦਾ ਸਾਬਕਾ ਕ੍ਰਿਕਟਰ ਸ਼ਿਵਾਲਿਕ ਸ਼ਰਮਾ ਨੂੰ ਰਾਜਸਥਾਨ ਦੇ ਜੋਧਪੁਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਾਬਕਾ ਆਈ.ਪੀ.ਐਲ ਕ੍ਰਿਕਟਰ ‘ਤੇ ਉਨ੍ਹਾਂ ਦੀ ਇੱਕ ਦੋਸਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕੁੜੀ ਨੇ ਉਨ੍ਹਾਂ ‘ਤੇ ਇਹ ਦੋਸ਼ ਲਗਾਏ ਹਨ, ਉਨ੍ਹਾਂ ਦੀ ਖਿਡਾਰੀ ਨਾਲ ਮੰਗਣੀ ਵੀ ਹੋਈ ਸੀ। ਕ੍ਰਿਕਟਰ ਸ਼ਿਵਾਲਿਕ ਸ਼ਰਮਾ ਤੇ ਦੋਸ਼ ਲਗਾਉਣ ਵਾਲੀ ਕੁੜੀ ਇੰਸਟਾਗ੍ਰਾਮ ਰਾਹੀਂ ਦੋਸਤ ਬਣੇ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਇਸ ਸਮੇਂ ਦੌਰਾਨ, ਸ਼ਿਵਾਲਿਕ ਉਸਨੂੰ ਮਿਲਣ ਲਈ ਕਈ ਵਾਰ ਜੋਧਪੁਰ ਵੀ ਗਿਆ। ਕ੍ਰਿਕਟਰ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਤੇ ਦੋਵਾਂ ਨੇ ਮੰਗਣੀ ਵੀ ਕਰਵਾ ਲਈ। ਲੜਕੀ ਨੇ ਦੋਸ਼ ਲਗਾਇਆ ਕਿ ਸ਼ਿਵਾਲਿਕ ਉਸਨੂੰ ਵਿਆਹ ਲਈ ਭਰਮਾਉਂਦਾ ਰਿਹਾ ਅਤੇ ਉਸ ਨਾਲ ਸਰੀਰਕ ਸੰਬੰਧ ਵੀ ਬਣਾਏ।
ਪੀੜਤਾ ਨੇ ਦੱਸਿਆ ਸੀ ਕਿ ਲਗਭਗ ਇੱਕ ਸਾਲ ਇਕੱਠੇ ਰਹਿਣ ਤੋਂ ਬਾਅਦ, ਸ਼ਿਵਾਲਿਕ ਦੇ ਪਰਿਵਾਰ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਲੜਕੀ ਨੇ ਸ਼ਿਵਾਲਿਕ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਥਾਣੇ ਵਿੱਚ ਕੇਸ ਦਰਜ ਕਰਵਾਇਆ। ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ, ਸ਼ਿਵਾਲਿਕ ਨੂੰ ਸ਼ਨੀਵਾਰ ਨੂੰ ਵਡੋਦਰਾ ਦੇ ਅਟਲਦਰਾ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸਨੂੰ ਜੋਧਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।