ਤੇਲੰਗਾਨਾ : ਤੇਲੰਗਾਨਾ ਦੇ ਕੋਮਾਰਾਮ ਭੀਮ ਆਸਿਫ਼ਾਬਾਦ ਜ਼ਿਲ੍ਹੇ ਵਿੱਚ ਬੀਤੀ ਸ਼ਾਮ 3.8 ਤੀਬਰਤਾ ਦਾ ਭੂਚਾਲ ਆਇਆ । ਇਹ ਭੂਚਾਲ ਸ਼ਾਮ 6:50 ਵਜੇ ਦੇ ਕਰੀਬ ਆਇਆ , ਹਾਲਾਂਕਿ ਅਧਿਕਾਰਤ ਸੂਤਰਾਂ ਨੇ ਕਿਸੇ ਵੀ ਜਾਨੀ-ਮਾਲੀ ਨੁਕਸਾਨ ਤੋਂ ਇਨਕਾਰ ਕੀਤਾ ਹੈ।
ਇਸ ਦੌਰਾਨ, ਲੋਕਾਂ ਨੇ ਸ਼ਾਮ 6:47 ਵਜੇ ਦੇ ਕਰੀਬ ਕਰੀਮਨਗਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੁਝ ਸਕਿੰਟਾਂ ਲਈ ਹਲਕੇ ਝਟਕੇ ਵੀ ਮਹਿਸੂਸ ਕੀਤੇ। ਕੁਝ ਨਿਵਾਸੀਆਂ ਨੇ ਦਾਅਵਾ ਕੀਤਾ ਕਿ ਧਰਤੀ ਤੇਜ਼ ਆਵਾਜ਼ ਨਾਲ ਹਿੱਲੀ ਅਤੇ ਉਸ ਸਮੇਂ ਸ਼ਹਿਰ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਸੀ। ਹਾਲਾਂਕਿ, ਕਰੀਮਨਗਰ ਦੇ ਇਕ ਅਧਿਕਾਰੀ ਨੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਦੇ ਨਿਰਮਲ ਅਤੇ ਮੰਚੇਰੀਅਲ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਵੀ ਹਲਕੇ ਝਟਕੇ ਮਹਿਸੂਸ ਕੀਤੇ ਗਏ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਫਿਲਹਾਲ, ਇਸ ਭੂਚਾਲ ਕਾਰਨ ਕਿਸੇ ਨੂੰ ਵੀ ਨੁਕਸਾਨ ਜਾਂ ਸੱਟ ਲੱਗਣ ਦੀ ਕੋਈ ਖ਼ਬਰ ਨਹੀਂ ਹੈ।