ਅੰਮ੍ਰਿਤਸਰ : ਡੀ.ਆਰ.ਆਈ (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਅੰਮ੍ਰਿਤਸਰ ਦੀ ਜ਼ੋਨਲ ਯੂਨਿਟ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਵੱਡੀ ਕਾਰਵਾਈ ਵਿੱਚ ਵਿਦੇਸ਼ੀ ਮੁਦਰਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਸਪਾਈਸਜੈੱਟ ਦੀ ਦੁਬਈ ਜਾਣ ਵਾਲੀ ਉਡਾਣ ਵਿੱਚ ਚੜ੍ਹਨ ਤੋਂ ਪਹਿਲਾਂ ਇੱਕ ਸ਼ੱਕੀ ਯਾਤਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ ਤੋਂ ਵੱਡੀ ਮਾਤਰਾ ਵਿੱਚ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਯਾਤਰੀ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਚੈੱਕ-ਇਨ ਬੈਗ ਵਿੱਚ ਕੱਪੜਿਆਂ ਦੀਆਂ ਪਰਤਾਂ ਵਿਚਕਾਰ ਲੁਕੀਆਂ ਹੋਈਆਂ 11 ਵੱਖ-ਵੱਖ ਦੇਸ਼ਾਂ ਦੀਆਂ ਕਰੰਸੀਆਂ ਮਿਲੀਆਂ। ਭਾਰਤੀ ਮੁਲਾਂਕਣ ਵਿੱਚ ਇਨ੍ਹਾਂ ਮੁਦਰਾਵਾਂ ਦੀ ਕੁੱਲ ਕੀਮਤ ਲਗਭਗ 2.66 ਕਰੋੜ ਰੁਪਏ ਦੱਸੀ ਜਾਂਦੀ ਹੈ। ਯਾਤਰੀ ਤੋਂ ਮੌਕੇ ‘ਤੇ ਹੀ ਪੁੱਛਗਿੱਛ ਕੀਤੀ ਗਈ ਅਤੇ ਉਸਨੇ ਕਬੂਲ ਕੀਤਾ ਕਿ ਉਹ ਪੈਸਿਆਂ ਦੇ ਲਾਲਚ ਕਾਰਨ ਤਸਕਰੀ ਵਿੱਚ ਸ਼ਾਮਲ ਹੋਇਆ ਸੀ।
ਡੀ.ਆਰ.ਆਈ ਨੇ ਤਸਕਰੀ ਵਿੱਚ ਸ਼ਾਮਲ ਇੱਕ ਦੋਸ਼ੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਅਤੇ ਕਸਟਮ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਤਸਕਰੀ ਪਿੱਛੇ ਕਿਹੜੇ ਅੰਤਰਰਾਸ਼ਟਰੀ ਨੈੱਟਵਰਕ ਸਰਗਰਮ ਹਨ ਅਤੇ ਇਹ ਕਿਹੜੇ ਹੋਰ ਵਿਅਕਤੀਆਂ ਨਾਲ ਜੁੜਿਆ ਹੋ ਸਕਦਾ ਹੈ।