ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਸੁਰੱਖਿਆ ਬਲਾਂ ਵੱਲੋਂ ਇਕ ਵੱਡਾ ਨਕਸਲ ਵਿਰੋਧੀ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਆਪ੍ਰੇਸ਼ਨ ਨੂੰ ‘ਮਿਸ਼ਨ ਸੰਕਲਪ’ ਵਜੋਂ ਜਾਣਿਆ ਜਾ ਰਿਹਾ ਹੈ ਅਤੇ ਇਹ 21 ਅਪ੍ਰੈਲ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਆਪ੍ਰੇਸ਼ਨ ਵਿੱਚ ਕੁੱਲ 24,000 ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ, ਬੀਤੇ ਦਿਨ (5 ਮਈ) ਨੂੰ, ਇਸ ਆਪ੍ਰੇਸ਼ਨ ਦੌਰਾਨ, ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਇਕ ਮਹਿਲਾ ਨਕਸਲੀ ਮਾਰੀ ਗਈ। ਮੁਕਾਬਲੇ ਤੋਂ ਬਾਅਦ, ਮਹਿਲਾ ਨਕਸਲੀ ਦੀ ਲਾਸ਼ ਅਤੇ ਇਕ 303 ਰਾਈਫਲ ਮੌਕੇ ਤੋਂ ਬਰਾਮਦ ਕੀਤੀ ਗਈ ਹੈ। ਮੁਕਾਬਲੇ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੂੰ ਮਿਲੇ ਹੋਰ ਸਬੂਤਾਂ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁਝ ਹੋਰ ਨਕਸਲੀ ਵੀ ਮਾਰੇ ਗਏ ਜਾਂ ਜ਼ਖਮੀ ਹੋਏ ਹੋ ਸਕਦੇ ਹਨ।
ਹੁਣ ਤੱਕ 4 ਮਹਿਲਾ ਨਕਸਲੀ ਲਾਸ਼ਾਂ ਬਰਾਮਦ
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 14 ਦਿਨਾਂ ਦੇ ਆਪ੍ਰੇਸ਼ਨ ਵਿੱਚ ਹੁਣ ਤੱਕ ਚਾਰ ਮਹਿਲਾ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 24 ਅਪ੍ਰੈਲ ਨੂੰ ਤਿੰਨ ਲਾਸ਼ਾਂ ਅਤੇ 5 ਮਈ ਨੂੰ ਇਕ ਲਾਸ਼ ਮਿਲੀ ਹੈ। ਇਹ ਕਾਰਵਾਈ ਬੀਜਾਪੁਰ ਜ਼ਿਲ੍ਹੇ ਦੇ ਦੱਖਣ-ਪੱਛਮੀ ਸਰਹੱਦੀ ਜੰਗਲਾਂ ਅਤੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ ਦੇ ਪਹਾੜੀ ਅਤੇ ਸੰਘਣੇ ਜੰਗਲਾਂ ਵਿੱਚ ਕੀਤੀ ਜਾ ਰਹੀ ਹੈ। ਇਹ ਪੂਰਾ ਇਲਾਕਾ ਲਗਭਗ 800 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਸ ਕਾਰਵਾਈ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ , ਬਸਤਰ ਫਾਈਟਰਜ਼, ਸਪੈਸ਼ਲ ਟਾਸਕ ਫੋਰਸ , ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਕੋਬਰਾ ਕਮਾਂਡੋ ਦੇ ਜਵਾਨ ਸ਼ਾਮਲ ਹਨ।
ਨਕਸਲੀਆਂ ਦੇ ਟਿਕਾਣਿਆਂ ‘ਤੇ ਵੱਡਾ ਹਮਲਾ
ਇਸ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਹੁਣ ਤੱਕ ਸੈਂਕੜੇ ਨਕਸਲੀਆਂ ਦੇ ਟਿਕਾਣਿਆਂ ਅਤੇ ਬੰਕਰਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ, ਰਾਸ਼ਨ, ਦਵਾਈਆਂ, ਡੈਟੋਨੇਟਰ ਅਤੇ ਹੋਰ ਜ਼ਰੂਰੀ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਬਦਨਾਮ ਨਕਸਲੀ ਆਗੂ ਵੀ ਹੋ ਸਕਦੇ ਹਨ ਜ਼ਖਮੀ …
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਕਾਰਵਾਈ ਦੌਰਾਨ ਨਕਸਲੀਆਂ ਦੀ ਕੇਂਦਰੀ ਕਮੇਟੀ ਅਤੇ ਚੰਦਰਾਨਾ, ਰਾਮਚੰਦਰ ਰੈਡੀ, ਸੁਜਾਤਾ, ਹਿਦਮਾ ਅਤੇ ਬਰਸੇ ਦੇਵਾ ਵਰਗੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਦੇ ਫਲ਼ਘਅ ਬਟਾਲੀਅਨ ਨੰਬਰ ਇਕ ਨਾਲ ਮੀਟਿੰਗ ਕਰਨ ਦੀ ਖ਼ਬਰ ਹੈ। ਇਹ ਖਦਸ਼ਾ ਹੈ ਕਿ ਮੁਕਾਬਲੇ ਵਿੱਚ ਕੁਝ ਵੱਡੇ ਨਕਸਲੀ ਆਗੂ ਵੀ ਮਾਰੇ ਗਏ ਜਾਂ ਜ਼ਖਮੀ ਹੋ ਸਕਦੇ ਹਨ। ਹਾਲਾਂਕਿ, ਮੁਸ਼ਕਲ ਇਲਾਕਾ ਹੋਣ ਕਾਰਨ ਉਨ੍ਹਾਂ ਦੀਆਂ ਲਾਸ਼ਾਂ ਨਹੀਂ ਮਿਲ ਸਕੀਆਂ।
ਸੁਰੱਖਿਆ ਬਲਾਂ ਦੇ ਜਵਾਨ ਜ਼ਖਮੀ, ਪਰ ਖ਼ਤਰੇ ਤੋਂ ਬਾਹਰ
ਆਪਰੇਸ਼ਨ ਦੌਰਾਨ, ਕੋਬਰਾ, ਐਸ.ਟੀ.ਐਫ. ਅਤੇ ਡੀ.ਆਰ.ਜੀ. ਦੇ ਕੁਝ ਜਵਾਨ ਬਾਰੂਦੀ ਸੁਰੰਗ ਧਮਾਕਿਆਂ ਵਿੱਚ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਜ਼ਖਮੀ ਕਰਮਚਾਰੀ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਬਸਤਰ ਵਿੱਚ ਪਿਛਲੇ 4 ਮਹੀਨਿਆਂ ਵਿੱਚ 129 ਨਕਸਲੀ ਢੇਰ
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਬਸਤਰ ਖੇਤਰ ਵਿੱਚ ਲਗਾਤਾਰ ਕਾਰਵਾਈਆਂ ਕਾਰਨ, ਪਿਛਲੇ ਚਾਰ ਮਹੀਨਿਆਂ ਵਿੱਚ 129 ਕੱਟੜ ਨਕਸਲੀ ਮਾਰੇ ਗਏ ਹਨ। ਬੀਜਾਪੁਰ ਸਮੇਤ ਕੁੱਲ ਸੱਤ ਜ਼ਿਲ੍ਹੇ ਬਸਤਰ ਡਿਵੀਜ਼ਨ ਦੇ ਅਧੀਨ ਆਉਂਦੇ ਹਨ।