ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦੀ ਹੀ ਭਾਰਤ ਦਾ ਦੌਰਾ ਕਰਨਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਇਸ ਸਾਲ ਹੋਣ ਵਾਲੇ ਸਾਲਾਨਾ ਦੁਵੱਲੇ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਹ ਫ਼ੈੈਸਲਾ ਅੱਜ ਯਾਨੀ ਸੋਮਵਾਰ ਨੂੰ ਦੋਵਾਂ ਆਗੂਆਂ ਨੇ ਫ਼ੋਨ ‘ਤੇ ਗੱਲਬਾਤ ਦੌਰਾਨ ਲਿਆ।
ਰੂਸ-ਭਾਰਤ ਸਬੰਧਾਂ ‘ਤੇ ਫਿਰ ਭਰੋਸਾ ਪ੍ਰਗਟਾਇਆ
ਰੂਸ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਭਾਰਤ-ਰੂਸ ਰਣਨੀਤਕ ਸਬੰਧਾਂ ਦੀ ਮਜ਼ਬੂਤੀ ‘ਤੇ ਜ਼ੋਰ ਦਿੱਤਾ। ਪੁਤਿਨ ਨੇ ਕਿਹਾ ਕਿ “ਰੂਸ-ਭਾਰਤ ਸਬੰਧ ਕਿਸੇ ਵੀ ਬਾਹਰੀ ਦਬਾਅ ਤੋਂ ਪ੍ਰਭਾਵਿਤ ਨਹੀਂ ਹੁੰਦੇ ਅਤੇ ਇਹ ਸਾਰੇ ਖੇਤਰਾਂ ਵਿੱਚ ਲਗਾਤਾਰ ਮਜ਼ਬੂਤ ਹੋ ਰਹੇ ਹਨ।” ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨੂੰ ਸਾਲਾਨਾ ਦੁਵੱਲੇ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸਨੂੰ ਪੁਤਿਨ ਨੇ ਧੰਨਵਾਦ ਸਹਿਤ ਸਵੀਕਾਰ ਕਰ ਲਿਆ।
ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਨੂੰ ਪੂਰਾ ਸਮਰਥਨ: ਰੂਸ
ਇਸ ਤੋਂ ਪਹਿਲਾਂ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕੀਤਾ ਅਤੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਨਿਰਦੋਸ਼ ਲੋਕਾਂ ਦੀ ਮੌਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਨੂੰ ਪੂਰਾ ਸਮਰਥਨ ਦੇਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਘਿਨਾਉਣੇ ਹਮਲੇ ਦੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਦੋਵਾਂ ਆਗੂਆਂ ਨੇ ਭਾਰਤ ਅਤੇ ਰੂਸ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।