ਬਟਾਲਾ : ਰੈਪਰ ਬਾਦਸ਼ਾਹ ਵਿਰੁੱਧ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਤੇ ਮਸੀਹ ਭਾਈਚਾਰੇ ਦੇ ਲੋਕਾਂ ਨੇ ਬਟਾਲਾ ਦਾ ਗਾਂਧੀ ਚੌਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਰੈਪਰ ਬਾਦਸ਼ਾਹ ਵਲੋਂ ਇਕ ਗੀਤ ’ਚ ਪਵਿੱਤਰ ਬਾਈਬਲ ਅਤੇ ਚਰਚ ਦਾ ਜ਼ਿਕਰ ਅਸ਼ਲੀਲ ਅਤੇ ਅਪਮਾਨਜਨਕ ਸ਼ਬਦਾਂ ’ਚ ਕੀਤਾ ਗਿਆ ਹੈ, ਜਿਸ ਨਾਲ ਜਿਥੇ ਮਸੀਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ, ਉੱਥੇ ਨਾਲ ਹੀ ਇਸ ਗੀਤ ਨੂੰ ਲੈ ਕੇ ਮਸੀਹ ਭਾਈਚਾਰੇ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਉਨ੍ਹਾਂ ਵਲੋਂ ਗਾਂਧੀ ਚੌਕ ’ਚ ਚੱਕਾ ਜਾਮ ਕਰ ਕੇ ਰੈਪਰ ਬਾਦਸ਼ਾਹ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਮਸੀਹ ਭਾਈਚਾਰੇ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੈਪਰ ਬਾਦਸ਼ਾਹ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਕਤ ਗੀਤ ਨੂੰ ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਐੱਸ.ਐੱਸ.ਪੀ. ਬਟਾਲਾ ਤੋਂ ਮੰਗ ਕੀਤੀ ਕਿ ਬਟਾਲਾ ’ਚ ਵੀ ਰੈਪਰ ਬਾਦਸ਼ਾਹ ਵਿਰੁੱਧ ਕੇਸ ਦਰਜ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਸੰਬੰਧੀ ਕਿਲਾ ਲਾਲ ਸਿੰਘ ਥਾਣਾ ਵਿਚ ਰੈਪਰ ਬਾਦਸ਼ਾਹ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਮੰਗ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਮਸੀਹ ਭਾਈਚਾਰੇ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕੋਆਰਡੀਨੇਟਰ ਵਲੈਤ ਮਸੀਹ, ਬੰਟੀ ਅਜਨਾਲਾ, ਪਾਸਟਰ ਪ੍ਰਭੂ ਦਾਸ, ਪੰਜਾਬ ਪ੍ਰਧਾਨ ਲੂਕਸ ਮਸੀਹ, ਪ੍ਰਧਾਨ ਰਮਨ ਮਸੀਹ, ਪ੍ਰਧਾਨ ਜੱਸ ਮਸੀਹ, ਸ਼ੁੱਭ ਅਜਨਾਲਾ, ਪ੍ਰਧਾਨ ਦੀਪਕ ਮਸੀਹ ਲੋਪ, ਪ੍ਰਧਾਨ ਮਨੀਰ ਮਸੀਹ ਡੇਰਾ ਬਾਬਾ ਨਾਨਕ, ਪ੍ਰਧਾਨ ਰੋਹਿਤ ਮਸੀਹ, ਪ੍ਰਧਾਨ ਸੋਨੂੰ ਮਸੀਹ ਭੰਡਾਲ, ਪ੍ਰਧਾਨ ਅਮਰ ਮਸੀਹ ਮਸਟਕੋਟ ਆਦਿ ਹਾਜ਼ਰ ਸਨ।