ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ 27 ਅਪ੍ਰੈਲ, 2025 ਤੋਂ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਵੀਜ਼ੇ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ, ਮੈਡੀਕਲ ਵੀਜ਼ੇ ਸਿਰਫ 29 ਅਪ੍ਰੈਲ ਤੱਕ ਹੀ ਵੈਧ ਹੋਣਗੇ।
ਸਰਕਾਰ ਦੇ ਇਸ ਫ਼ੈੈਸਲੇ ਦੇ ਮੁੱਖ ਨੁਕਤੇ:
– 27 ਅਪ੍ਰੈਲ ਤੋਂ ਹਰ ਤਰ੍ਹਾਂ ਦੇ ਪਾਕਿਸਤਾਨੀ ਵੀਜ਼ੇ ਹੋਣਗੇ ਰੱਦ
-ਮੈਡੀਕਲ ਵੀਜ਼ਾ ਸਿਰਫ਼ 29 ਅਪ੍ਰੈਲ ਤੱਕ ਹੀ ਵੈਧ ਹੋਣਗੇ
– ਜਿਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਪਹਿਲਾਂ ਹੀ ਵੀਜ਼ਾ ਜਾਰੀ ਕੀਤਾ ਗਿਆ ਸੀ, ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣਾ ਪਵੇਗਾ
-ਨਵੀਂ ਵੀਜ਼ਾ ਪ੍ਰਕਿਰਿਆ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ
ਇਹ ਫ਼ੈੈਸਲਾ ਭਾਰਤ ਸਰਕਾਰ ਵੱਲੋਂ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ 28 ਮਾਸੂਮ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਟੀ.ਆਰ.ਐਫ. (ਦਿ ਰੇਸਿਸਟੈਂਸ ਫਰੰਟ) ਨੇ ਲਈ ਸੀ।
ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਸੀ.ਸੀ.ਐਸ. (ਸੁਰੱਖਿਆ ਬਾਰੇ ਕੈਬਨਿਟ ਕਮੇਟੀ) ਦੀ ਹੰਗਾਮੀ ਮੀਟਿੰਗ ਵਿੱਚ ਇਹ ਸਖ਼ਤ ਕਦਮ ਚੁੱਕੇ ਗਏ ਹਨ, ਜਿਸਦਾ ਉਦੇਸ਼ ਪਾਕਿਸਤਾਨ ਨੂੰ ਇਕ ਸਪੱਸ਼ਟ ਅਤੇ ਸਖ਼ਤ ਸੰਦੇਸ਼ ਦੇਣਾ ਹੈ ਕਿ ਭਾਰਤ ਹੁਣ ਅੱਤਵਾਦੀ ਹਮਲਿਆਂ ‘ਤੇ ਚੁੱਪ ਨਹੀਂ ਰਹੇਗਾ।