ਨਵੀਂ ਦਿੱਲੀ : ਤੇਲਗੂ ਸਿਨੇਮਾ ਦੇ ਸੁਪਰਸਟਾਰ ਮਹੇਸ਼ ਬਾਬੂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ‘ਚ ਪੁੱਛਗਿੱਛ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ 27 ਅਪ੍ਰੈਲ ਨੂੰ ਈ.ਡੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਮਾਮਲਾ ਦੋ ਰੀਅਲ ਅਸਟੇਟ ਕੰਪਨੀਆਂ ਸਾਈ ਸੂਰਿਆ ਡਿਵੈਲਪਰਜ਼ ਅਤੇ ਸੁਰਾਨਾ ਗਰੁੱਪ ਨਾਲ ਜੁੜੀ ਇਕ ਵੱਡੀ ਵਿੱਤੀ ਬੇਨਿਯਮੀ ਅਤੇ ਧੋਖਾਧੜੀ ਦੀ ਜਾਂਚ ਨਾਲ ਸਬੰਧਤ ਹੈ।
ਏ.ਡੀ.ਡੀ. ਨਾਲ ਸਬੰਧਤ ਕਮਾਈ ਬਣੀ ਜਾਂਚ ਦਾ ਕੇਂਦਰ
ਖ਼ਬਰਾਂ ਮੁਤਾਬਕ ਮਹੇਸ਼ ਬਾਬੂ ਨੇ ਇਨ੍ਹਾਂ ਦੋਵਾਂ ਕੰਪਨੀਆਂ ਦੇ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਪ੍ਰਮੋਸ਼ਨਲ ਇਸ਼ਤਿਹਾਰਾਂ ‘ਚ ਹਿੱਸਾ ਲਿਆ ਸੀ। ਇਸ ਦੇ ਬਦਲੇ ਉਨ੍ਹਾਂ ਨੂੰ ਲਗਭਗ 5.9 ਕਰੋੜ ਰੁਪਏ ਦਿੱਤੇ ਗਏ। ਇਹ ਰਕਮ ਦੋ ਹਿੱਸਿਆਂ ਵਿੱਚ ਅਦਾ ਕੀਤੀ ਗਈ ਸੀ – 3.4 ਕਰੋੜ ਰੁਪਏ ਚੈੱਕ ਦੁਆਰਾ ਅਤੇ 2.5 ਕਰੋੜ ਰੁਪਏ ਨਕਦ। ਈ.ਡੀ ਦੀ ਜਾਂਚ ਫਿਲਹਾਲ ਇਸ ਨਕਦ ਭੁਗਤਾਨ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ ਨੂੰ ਮਨੀ ਲਾਂਡਰਿੰਗ ਨਾਲ ਜੋੜਿਆ ਜਾ ਰਿਹਾ ਹੈ।
ਧੋਖਾਧੜੀ ਦੇ ਗੰਭੀਰ ਦੋਸ਼
ਹੈਦਰਾਬਾਦ ਪ੍ਰਾਪਰਟੀਜ਼ ਲਿਮਟਿਡ ਦੇ ਨਰਿੰਦਰ ਸੁਰਾਨਾ ਅਤੇ ਸਾਈ ਸੂਰਿਆ ਡਿਵੈਲਪਰਜ਼ ਦੇ ਸਤੀਸ਼ ਚੰਦਰ ਗੁਪਤਾ ਦੇ ਖ਼ਿਲਾਫ਼ ਤੇਲੰਗਾਨਾ ਪੁਲਿਸ ਨੇ ਪਹਿਲਾਂ ਹੀ ਐਫ.ਆਈ.ਆਰ. ਦਰਜ ਕਰ ਚੁੱਕੀ ਹੈ। ਉਨ੍ਹਾਂ ‘ਤੇ ਗੈਰ-ਕਾਨੂੰਨੀ ਲੇਆਉਟ ‘ਚ ਪਲਾਟ ਵੇਚਣ, ਇਕੋ ਪਲਾਟ ਨੂੰ ਕਈ ਲੋਕਾਂ ਨੂੰ ਵੇਚਣ ਅਤੇ ਜਾਅਲੀ ਰਜਿਸਟ੍ਰੇਸ਼ਨ ਵਾਅਦੇ ਕਰਕੇ ਨਿਵੇਸ਼ਕਾਂ ਨੂੰ ਠੱਗਣ ਦਾ ਦੋਸ਼ ਹੈ। ਇਨ੍ਹਾਂ ਦੋਸ਼ਾਂ ਦੀ ਹੁਣ ਮਨੀ ਲਾਂਡਰਿੰਗ ਦੇ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਮਹੇਸ਼ ਬਾਬੂ ਦੀ ਛਵੀ ਦਾ ਹੋਇਆ ਇਸਤੇਮਾਲ?
ਈ.ਡੀ ਦਾ ਮੰਨਣਾ ਹੈ ਕਿ ਮਹੇਸ਼ ਬਾਬੂ ਵਰਗੀਆਂ ਵੱਡੀਆਂ ਫਿਲਮੀ ਹਸਤੀਆਂ ਦੀ ਸਾਂਝ ਨੇ ਇਨ੍ਹਾਂ ਰੀਅਲ ਅਸਟੇਟ ਪ੍ਰੋਜੈਕਟਾਂ ਨੂੰ ਜਨਤਾ ਵਿੱਚ ਭਰੋਸੇਯੋਗਤਾ ਦਿੱਤੀ। ਉਨ੍ਹਾਂ ਦੀ ਪ੍ਰਸਿੱਧੀ ਨੇ ਨਿਵੇਸ਼ਕਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਵਿੱਚ ਵਿਸ਼ਵਾਸ ਦਿੱਤਾ ਅਤੇ ਇਸ ਨੇ ਕਥਿਤ ਧੋਖਾਧੜੀ ਨੂੰ ਵਧਾਉਣ ਵਿੱਚ ਸਹਾਇਤਾ ਕੀਤੀ। ਜਾਂਚ ਏਜੰਸੀਆਂ ਦਾ ਹੁਣ ਮੰਨਣਾ ਹੈ ਕਿ ਮਹੇਸ਼ ਬਾਬੂ ਨੂੰ ਨਕਦ ਭੁਗਤਾਨ ਘੁਟਾਲੇ ਨਾਲ ਜੁੜਿਆ ਹੋ ਸਕਦਾ ਹੈ।
ਸ਼ੂਟਿੰਗ ਵਿੱਚ ਰੁੱਝੇ ਹੋਏ ਹਨ ਮਹੇਸ਼ ਬਾਬੂ
ਇਸ ਦੌਰਾਨ ਮਹੇਸ਼ ਬਾਬੂ ਆਪਣੇ ਫਿਲਮੀ ਕਰੀਅਰ ‘ਚ ਰੁੱਝੇ ਹੋਏ ਹਨ। ਉਹ ਇਸ ਸਮੇਂ ਨਿਰਦੇਸ਼ਕ ਐਸ.ਐਸ ਰਾਜਾਮੌਲੀ ਦੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ‘ਚ ਪ੍ਰਿਯੰਕਾ ਚੋਪੜਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਹਾਲਾਂਕਿ ਈ.ਡੀ ਦੇ ਨੋਟਿਸ ਕਾਰਨ ਹੁਣ ਕਾਨੂੰਨੀ ਜਾਂਚ ‘ਚ ਉਨ੍ਹਾਂ ਦੀ ਮੌਜੂਦਗੀ ਜ਼ਰੂਰੀ ਹੋ ਗਈ ਹੈ।