ਪੇਸ਼ਾਵਰ : ਉੱਤਰ-ਪੱਛਮੀ ਪਾਕਿਸਤਾਨ ‘ਚ ਅੱਜ ਇਕ ਟਰੱਕ ਅਤੇ ਯਾਤਰੀ ਵੈਨ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। 1122 ਬਚਾਅ ਸੇਵਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਖੈਬਰ ਪਖਤੂਨਖਵਾ ਸੂਬੇ ਦੇ ਕਰਾਕ ਜ਼ਿਲ੍ਹੇ ‘ਚ ਮੁੱਖ ਸਿੰਧੂ ਰਾਜਮਾਰਗ ‘ਤੇ ਲੱਕੀ ਘੁੰਡਾ ਖੇਲ ਨੇੜੇ ਵਾਪਰਿਆ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੰਜ ਐਂਬੂਲੈਂਸਾਂ ਅਤੇ ਇਕ ਸਹਾਇਤਾ ਵੈਨ ਮੌਕੇ ‘ਤੇ ਪਹੁੰਚ ਗਈ। ਬਚਾਅ ਟੀਮਾਂ ਨੇ ਸਾਰੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ 10 ਯਾਤਰੀਆਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।