ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ ‘ਚ ਪੁਲਿਸ ਨੇ ਜਾਮਾ ਮਸਜਿਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਰੀਬ 60 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ ਡਿਪਟੀ ਕਮਿਸ਼ਨਰ (ਸ਼ਹਿਰ) ਸੋਨਮ ਕੁਮਾਰ ਨੇ ਦੱਸਿਆ ਕਿ ਮਸਜਿਦ ਦੇ ਅੰਦਰ ਮੀਟ ਦਾ ਟੁਕੜਾ ਰੱਖਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜਾਮਾ ਮਸਜਿਦ ਦੇ ਬਾਹਰ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਲਗਭਗ 60 ਲੋਕਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ‘
ਮਸਜਿਦ ਦੇ ਬਾਹਰ ਰੱਖਿਆ ਪਸ਼ੂ ਮਾਸ ਨਾਲ ਭਰਿਆ ਇਕ ਪੈਕੇਟ
ਇਹ ਘਟਨਾ ਵੀਰਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਨਜਰੂਦੀਨ ਨਾਂ ਦੇ ਵਿਅਕਤੀ ਨੇ ਸ਼ਹਿਰ ਦੇ ਮੰਟੋਲਾ ਇਲਾਕੇ ‘ਚ ਜਾਮਾ ਮਸਜਿਦ ਦੇ ਅੰਦਰ ਕਥਿਤ ਤੌਰ ‘ਤੇ ਪਸ਼ੂਆਂ ਦੇ ਮਾਸ ਨਾਲ ਭਰਿਆ ਇਕ ਪੈਕੇਟ ਰੱਖਿਆ ਪਰ ਇਹ ਮਾਮਲਾ ਬੀਤੇ ਦਿਨ ਸਵੇਰੇ ਸਾਹਮਣੇ ਆਇਆ, ਜਿਸ ਨਾਲ ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਇਲਾਕੇ ‘ਚ ਤਣਾਅ ਪੈਦਾ ਹੋ ਗਿਆ। ਪੁਲਿਸ ਮੁਤਾਬਕ ਸੀ.ਸੀ.ਟੀ.ਵੀ. ਫੁਟੇਜ ‘ਚ ਨਜ਼ਰੂਦੀਨ ਸਕੂਟੀ ‘ਤੇ ਮਸਜਿਦ ‘ਚ ਆਉਂਦਾ ਅਤੇ ਜਾਣ ਤੋਂ ਪਹਿਲਾਂ ਪੈਕੇਟ ਨੂੰ ਇਮਾਰਤ ਦੇ ਅੰਦਰ ਰੱਖਦਾ ਨਜ਼ਰ ਆ ਰਿਹਾ ਹੈ।
ਮਾਮਲੇ ਦੀ ਜਾਂਚ ਕਰਨ ਅਤੇ ਖੇਤਰ ਨੂੰ ਸੁਰੱਖਿਅਤ ਕਰਨ ਲਈ 100 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਇਕ ਟੀਮ ਤਾਇਨਾਤ ਕੀਤੀ ਗਈ ਸੀ। ਮੀਟ ਨੂੰ ਜ਼ਬਤ ਕਰ ਲਿਆ ਗਿਆ ਅਤੇ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਵਰਤੀ ਗਈ ਸਕੂਟੀ ਨੂੰ ਸਥਾਨਕ ਮੀਟ ਦੀ ਦੁਕਾਨ ਦੇ ਸਾਹਮਣੇ ਦੇਖਿਆ ਗਿਆ। ਦੁਕਾਨਦਾਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਗਰਾ ਦੇ ਟੀਲਾ ਨੰਦਰਾਮ ਇਲਾਕੇ ਦੇ ਰਹਿਣ ਵਾਲੇ ਦੋਸ਼ੀ ਨਜ਼ਰੂਦੀਨ ਬਾਰੇ ਪਤਾ ਲੱਗਾ।
ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਦੋਸ਼ੀ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਉਸਨੇ ਇਕੱਲੇ ਕੰਮ ਕੀਤਾ ਸੀ ਜਾਂ ਉਸ ਦੇ ਨਾਲ ਕੋਈ ਹੋਰ ਸੀ। ਵਧੀਕ ਪੁਲਿਸ ਕਮਿਸ਼ਨਰ ਸੰਜੀਵ ਤਿਆਗੀ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਤਹਿਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਦੇ ਪਿੱਛੇ ਦੇ ਮਕਸਦ ਦੀ ਜਾਂਚ ਕਰ ਰਹੇ ਹਾਂ ਅਤੇ ਕੀ ਹੋਰ ਲੋਕ ਇਸ ਵਿਚ ਸ਼ਾਮਲ ਸਨ। ਸ਼ੁੱਕਰਵਾਰ ਦੀ ਨਮਾਜ਼ ਤੋਂ ਤੁਰੰਤ ਬਾਅਦ, ਲੋਕਾਂ ਦਾ ਇਕ ਸਮੂਹ ਮਸਜਿਦ ਦੇ ਬਾਹਰ ਇਕੱਠਾ ਹੋ ਗਿਆ ਅਤੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ। ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ। ਸਥਿਤੀ ਦੇ ਮੱਦੇਨਜ਼ਰ ਜਾਮਾ ਮਸਜਿਦ ਅਤੇ ਇਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।