ਚੰਡੀਗੜ੍ਹ : ਪੰਜਾਬ ਦੇ ਬੁਢਲਾਡਾ ਇਲਾਕੇ ਦੇ ਪਿੰਡ ਬੋਹਾ ‘ਚ ਬੀਤੀ ਦੇਰ ਸ਼ਾਮ ਤੇਜ਼ ਤੂਫਾਨ ਆਇਆ। ਤੇਜ਼ ਹਵਾਵਾਂ ਕਾਰਨ ਗਊਸ਼ਾਲਾ ਦੀ ਛੱਤ ‘ਤੇ ਰੱਖੇ ਲੋਹੇ ਦੇ ਸ਼ੈੱਡ ਅਚਾਨਕ ਡਿੱਗ ਗਏ, ਜਿਸ ਕਾਰਨ 14 ਗਊਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਵੱਧ ਗਊਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਪਿੰਡ ‘ਚ ਐਲਾਨ ਹੁੰਦੇ ਹੀ ਕਿਸਾਨ, ਦੁਕਾਨਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ‘ਚ ਮੌਕੇ ‘ਤੇ ਪਹੁੰਚ ਗਏ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਸ਼ੈੱਡ ਦੇ ਹੇਠਾਂ ਦੱਬੀਆਂ ਜ਼ਖਮੀ ਅਤੇ ਮਰੀ ਹੋਈਆਂ ਗਊਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਸੂਚਨਾ ਮਿਲਦੇ ਹੀ ਵੈਟਰਨਰੀ ਡਾਕਟਰਾਂ, ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਗਊਆਂ ਦਾ ਤੁਰੰਤ ਇਲਾਜ ਕੀਤਾ। ਗਊਸ਼ਾਲਾ ਦੇ ਪ੍ਰਧਾਨ ਵਿਪਨ ਗਰਗ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੁਦਰਤੀ ਆਫ਼ਤ ਵਿੱਚ ਗਊਸ਼ਾਲਾ ਨੂੰ ਢੁਕਵੀਂ ਸਹਾਇਤਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।