ਪਾਕਿਸਤਾਨ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਅਣਪਛਾਤੇ ਹਮਲਾਵਰਾਂ ਨੇ ਧਾਰਮਿਕ ਵਿਦਵਾਨ ਕਾਰੀ ਏਜਾਜ਼ ਆਬਿਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰੀ ਏਜਾਜ਼ ਆਬਿਦ ਅਹਲੇ-ਏ-ਸੁੰਨਤ ਵਾਲ ਜਮਾਤ ਅਤੇ ਇੰਟਰਨੈਸ਼ਨਲ ਖਤਮ-ਏ-ਨਬੂਵਤ ਮੂਵਮੈਂਟ ਦਾ ਮੁਖੀ ਸੀ। ਉਨ੍ਹਾਂ ਨੂੰ ਸੋਮਵਾਰ ਨੂੰ ਖੈਬਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਪਸ਼ਤ ਖਾਰਾ ਇਲਾਕੇ ਵਿਚ ਨਿਸ਼ਾਨਾ ਬਣਾਇਆ ਗਿਆ ਸੀ।
ਗੰਭੀਰ ਰੂਪ ਨਾਲ ਜ਼ਖਮੀ ਆਬਿਦ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਹਮਲੇ ‘ਚ ਉਸ ਦਾ ਸਾਥੀ ਕਾਰੀ ਸ਼ਾਹਿਦੁੱਲਾ ਵੀ ਜ਼ਖਮੀ ਹੋ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮੁਤਾਬਕ ਇਹ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਦਾ ਮਾਮਲਾ ਜਾਪਦਾ ਹੈ। ਮੌਕੇ ਤੋਂ 30 ਬੋਰ ਦੀਆਂ ਗੋਲੀਆਂ ਦੇ ਕਈ ਖੋਲ ਬਰਾਮਦ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ‘ਚ ਅੱਤਵਾਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।