ਮੁੰਬਈ : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਮਾਂ ਕਿਮ ਫਰਨਾਂਡੀਜ਼ ਦਾ ਅੱਜ ਯਾਨੀ 6 ਅਪ੍ਰੈਲ ਨੂੰ ਦੇਹਾਂਤ ਹੋ ਗਿਆ । ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਕੁਝ ਦਿਨ ਪਹਿਲਾਂ ਬੁੱਧਵਾਰ ਨੂੰ ਜੈਕਲੀਨ ਨੂੰ ਆਪਣੀ ਮਾਂ ਦੇ ਕੋਲ ਲੀਲਾਵਤੀ ਹਸਪਤਾਲ ‘ਚ ਜਾਂਦੇ ਦੇਖਿਆ ਗਿਆ ਸੀ । ਉਨ੍ਹਾਂ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਜੈਕਲੀਨ ਹਸਪਤਾਲ ਦੇ ਗੇਟ ‘ਤੇ ਪਹੁੰਚੇ ਅਤੇ ਉਨ੍ਹਾਂ ਦਾ ਚਿਹਰਾ ਕਾਲੇ ਮਾਸਕ ਨਾਲ ਢਕਿਆ ਹੋਇਆ ਸੀ। ਅਦਾਕਾਰਾ ਹਸਪਤਾਲ ਦੇ ਅੰਦਰ ਤੇਜ਼ੀ ਨਾਲ ਪਹੁੰਚੀ ,ਜਦੋਂ ਕਿ ਪੈਪਰਾਜ਼ੀ ਨੇ ਉਨ੍ਹਾਂ ਨੂੰ ਇਮਾਰਤ ਦੇ ਬਾਹਰ ਦੇਖਿਆ ਸੀ।
ਖ਼ਬਰਾਂ ਮੁਤਾਬਕ ਜੈਕਲੀਨ ਹਾਲ ਹੀ ‘ਚ ਆਈ.ਪੀ.ਐਲ. ਦੇ ਇਕ ਈਵੈਂਟ ‘ਚ ਪਰਫਾਰਮ ਕਰਨ ਵਾਲੇ ਸਨ। ਪਰ ਆਪਣੀ ਮਾਂ ਦੀ ਖਰਾਬ ਸਿਹਤ ਦੇ ਕਾਰਨ, ਉਨ੍ਹਾਂ ਨੇ ਸਮਾਗਮ ਛੱਡ ਦਿੱਤਾ ਅਤੇ ਆਪਣੇ ਪਰਿਵਾਰ ਨਾਲ ਰਹਿਣ ਦਾ ਫ਼ੈਸਲਾ ਕੀਤਾ। ਜੈਕਲੀਨ ਨੂੰ 26 ਮਾਰਚ ਨੂੰ ਗੁਹਾਟੀ ਵਿੱਚ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਆਈ.ਪੀ.ਐਲ. ਮੈਚ ਵਿੱਚ ਸ਼ਾਮਲ ਹੋਣਾ ਸੀ, ਪਰ ਉਨ੍ਹਾਂ ਨੇ ਆਪਣੀ ਮਾਂ ਦੀ ਦੇਖਭਾਲ ਕਰਨ ਲਈ ਇਸ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲਿਆ।