ਜਲੰਧਰ : ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ‘ਚ ਸਰਗਰਮ ਆਰ.ਟੀ.ਆਈ. ਸਿਮਰਨਜੀਤ ਸਿੰਘ ਦੇ ਦਾਖਲੇ ‘ਤੇ ਜਲੰਧਰ ਨਗਰ ਨਿਗਮ ‘ਚ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਮੇਅਰ ਵਨੀਤ ਧੀਰ ਨੇ ਜਾਰੀ ਕੀਤੇ ਹਨ। ਦਾਖਲੇ ‘ਤੇ ਪਾਬੰਦੀ ਸਬੰਧੀ ਇਹ ਹੁਕਮ ਨਿਗਮ ਦੀ ਮੁੱਖ ਇਮਾਰਤ ਅਤੇ ਨਗਰ ਨਿਗਮ ਮੁਖੀ ਦੇ ਮੁੱਖ ਦਰਵਾਜ਼ਿਆਂ ‘ਤੇ ਵੀ ਚਿਪਕਾ ਦਿੱਤੇ ਗਏ ਹਨ ਅਤੇ ਸਾਰੇ ਵਿਭਾਗਾਂ ਨੂੰ ਇਸ ਬਾਰੇ ਸੂਚਿਤ ਵੀ ਕਰ ਦਿੱਤਾ ਗਿਆ ਹੈ।
ਹੁਕਮਾਂ ‘ਚ ਲਿਖਿਆ ਗਿਆ ਹੈ ਕਿ ਸਿਮਰਨਜੀਤ ਸਿੰਘ ਨੇ ਬਿਲਡਿੰਗ ਵਿਭਾਗ ਦੇ ਕਲਰਕ ਨਿਤਿਨ ਸ਼ਰਮਾ ਦੇ ਦਫ਼ਤਰ ‘ਚ ਬਿਨਾਂ ਇਜਾਜ਼ਤ ਦੇ ਦਾਖਲ ਹੋ ਕੇ ਉਥੇ ਪਈਆਂ ਫਾਈਲਾਂ ਖੋਲ੍ਹੀਆਂ, ਕੁਝ ਪੰਨਿਆਂ ਦੀਆਂ ਫੋਟੋਆਂ ਆਦਿ ਖਿੱਚੀਆਂ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕੀਤੀ। ਇਹ ਘਟਨਾ 5 ਮਾਰਚ ਨੂੰ ਬਿਲਡਿੰਗ ਕਲਰਕ ਨਿਤਿਨ ਸ਼ਰਮਾ ਨਾਲ ਵਾਪਰੀ ਸੀ, ਜਿਸ ਵਿੱਚ ਸ਼ਿਕਾਇਤ ਕਮਿਸ਼ਨਰ ਅਤੇ ਮੇਅਰ ਨੂੰ ਭੇਜੀ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ 2 ਅਪ੍ਰੈਲ ਨੂੰ ਐਂਟਰੀ ਬੈਨ ਨੂੰ ਲੈ ਕੇ ਆਦੇਸ਼ ਜਾਰੀ ਕੀਤਾ ਗਿਆ ।