ਮੁੰਬਈ : ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਅੱਜ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਤੀਜੀ ਵਾਰ ਹੈ ਜਦੋਂ ਕਾਮਰਾ ਸੰਮਨ ਜਾਰੀ ਹੋਣ ਦੇ ਬਾਵਜੂਦ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ। ਖਾਰ ਪੁਲਿਸ ਨੇ ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ‘ਤੇ ਕਾਮਰਾ ਵਿਰੁੱਧ ਇਕ ਪ੍ਰੋਗਰਾਮ ਦੌਰਾਨ ਉਪ ਮੁੱਖ ਮੰਤਰੀ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਕਾਮਰਾ ਨੇ ਆਪਣੇ ਇਕ ਪ੍ਰੋਗਰਾਮ ‘ਚ ਇਕ ਪੈਰੋਡੀ ਗਾਈ ਸੀ, ਜਿਸ ‘ਚ ਸ਼ਿਵ ਸੈਨਾ ‘ਚ ਵੰਡ ਲਈ ਸ਼ਿੰਦੇ ‘ਤੇ ਨਿਸ਼ਾਨਾ ਸਾਧਿਆ ਗਿਆ ਸੀ। ਇਹ ਸਮਾਗਮ ਖਾਰ ਦੇ ਇਕ ਹੋਟਲ ਵਿੱਚ ਸਥਿਤ ਇਕ ਸਟੂਡੀਓ ਵਿੱਚ ਆਯੋਜਿਤ ਕੀਤਾ ਗਿਆ ਸੀ। ਸਟੂਡੀਓ ਅਤੇ ਹੋਟਲ ਜਿੱਥੇ ਇਹ ਸਥਿਤ ਹੈ, ਨੂੰ ਸ਼ਿਵ ਸੈਨਾ ਦੇ ਕਾਰਕੁਨਾਂ ਨੇ 23 ਮਾਰਚ ਨੂੰ ਤੋੜ ਦਿੱਤਾ ਸੀ। ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਿਸ ਨੇ ਕਾਮਰਾ ਨੂੰ ਤੀਜੀ ਵਾਰ ਸੰਮਨ ਜਾਰੀ ਕਰਕੇ 5 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ।
ਇਸ ਹਫ਼ਤੇ ਦੇ ਸ਼ੁਰੂ ਵਿਚ ਦੂਜੇ ਸੰਮਨ ਦੇ ਜਵਾਬ ਵਿਚ ਪੇਸ਼ ਨਾ ਹੋਣ ਤੋਂ ਬਾਅਦ ਖਾਰ ਪੁਲਿਸ ਦੀ ਇਕ ਟੀਮ ਮਾਹਿਮ ਵਿਚ ਕਾਮਰਾ ਦੀ ਰਿਹਾਇਸ਼ ‘ਤੇ ਪਹੁੰਚੀ ਸੀ। ਮਦਰਾਸ ਹਾਈ ਕੋਰਟ ਨੇ ਕਾਮਰਾ ਨੂੰ 7 ਅਪ੍ਰੈਲ ਤੱਕ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਉਹ ਤਾਮਿਲਨਾਡੂ ਦੇ ਸਥਾਈ ਨਿਵਾਸੀ ਹਨ। ਕਾਮੇਡੀਅਨ ਦੇ ਖ਼ਿਲਾਫ਼ ਨਾਸਿਕ ਦਿਹਾਤੀ, ਜਲਗਾਓਂ ਅਤੇ ਨਾਸਿਕ (ਨੰਦਗਾਓਂ) ਵਿੱਚ ਦਰਜ ਤਿੰਨ ਐਫ.ਆਈ.ਆਰ. ਖਾਰ ਥਾਣੇ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ।