ਅੰਮ੍ਰਿਤਸਰ : ਅੰਮ੍ਰਿਤਸਰ ਦੇ ਪੇਂਡੂ ਖੇਤਰ ਵਿੱਚ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਦੇ ਸਾਂਝੇ ਆਪ੍ਰੇਸ਼ਨ ਵਿੱਚ, ਬੀਤੀ ਰਾਤ ਨੂੰ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਮਿਲੀ। ਇਹ ਨਾਗਰਿਕ ਪਾਕਿਸਤਾਨ ਤੋਂ ਭਾਰਤੀ ਸਰਹੱਦ ਪਾਰ ਕਰ ਕੇ ਕੰਡਿਆਲੀ ਤਾਰ ਦੇ ਨੇੜੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਹਮਜ਼ਾ ਪੁੱਤਰ ਆਬਿਦ ਹੁਸੈਨ, ਵਾਸੀ ਪਿੰਡ ਮੋਜ਼ਾ ਸਰਦਾਰਗੜ੍ਹ ਜ਼ਿਲ੍ਹਾ ਰਹੀਮ ਯਾਰ ਖਾਨ ਪਾਕਿਸਤਾਨ ਵਜੋਂ ਹੋਈ ਹੈ। ਮੁਹੰਮਦ ਨੂੰ ਬੀਤੀ ਰਾਤ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਬਾਰਡਰ ਆਊਟ ਪੋਸਟ ਭਰੋਪਾਲ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ, ਪੁਲਿਸ ਨੇ ਘਰਿੰਡਾ ਥਾਣੇ ਵਿੱਚ ਐਫ਼.ਆਈ.ਆਰ ਨੰਬਰ 72 ਦੇ ਤਹਿਤ ਮਾਮਲਾ ਦਰਜ ਕੀਤਾ। ਇਹ ਮਾਮਲਾ ਵਿਦੇਸ਼ੀ ਐਕਟ ਦੀ ਧਾਰਾ 14 ਅਤੇ ਭਾਰਤੀ ਪਾਸਪੋਰਟ ਐਕਟ ਦੀ ਧਾਰਾ 3/34/20 ਦੇ ਤਹਿਤ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਬੀ.ਐਸ.ਐਫ਼ ਦੇ ਸਹਾਇਕ ਕਮਾਂਡੈਂਟ ਦਿਲਸੁਖ ਸੈਣੀ ਦੇ ਬਿਆਨ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਪਾਕਿਸਤਾਨੀ ਨਾਗਰਿਕ ਕਿਵੇਂ ਅਤੇ ਕਿਸ ਮਕਸਦ ਨਾਲ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ। ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ, ਅਤੇ ਉਸ ਦੇ ਭਾਰਤ ਆਉਣ ਦੇ ਉਦੇਸ਼ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਹਰ ਪਹਿਲੂ ਤੋਂ ਇਸ ਦੀ ਜਾਂਚ ਕਰ ਰਹੀਆਂ ਹਨ।