ਨਵੀਂ ਦਿੱਲੀ : ਅੱਜ ਈਦ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ-ਉਲ-ਫਿਤਰ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ , ਈਦ-ਉਲ-ਫਿਤਰ ਦਾ ਇਹ ਤਿਉਹਾਰ ਸਾਡੇ ਸਮਾਜ ਵਿੱਚ ਦਿਆਲਤਾ, ਉਮੀਦ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸੁੱਖ, ਖੁਸ਼ਹਾਲੀ ਅਤੇ ਸਫ਼ਲਤਾ ਲਿਆਵੇ। ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਵਾਸੀਆਂ ਨੂੰ ਪ੍ਰਾਰਥਨਾ ਕੀਤੀ ਕਿ ਉਹ ਇਸ ਤਿਉਹਾਰ ਨੂੰ ਆਪਣੇ ਜੀਵਨ ਵਿੱਚ ਸ਼ਾਂਤੀ ਅਤੇ ਸਦਭਾਵਨਾ ਨਾਲ ਮਨਾਉਣ।
ਰਾਸ਼ਟਰਪਤੀ ਨੇ ਵੀ ਦਿੱਤੀ ਵਧਾਈ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਇਸ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ, “ਈਦ-ਉਲ-ਫਿਤਰ ਦਾ ਇਹ ਤਿਉਹਾਰ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ ਅਤੇ ਦਾਨ ਅਤੇ ਦਇਆ ਦੀ ਭਾਵਨਾ ਨੂੰ ਉਤਸ਼ਾਹਤ ਕਰਦਾ ਹੈ। ਉਨ੍ਹਾਂ ਇਹ ਵੀ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ ਅਤੇ ਸਾਰਿਆਂ ਦੇ ਦਿਲ ਵਿੱਚ ਚੰਗਿਆਈ ਦੇ ਮਾਰਗ ‘ਤੇ ਚੱਲਣ ਦਾ ਉਤਸ਼ਾਹ ਹੋਵੇ।
ਦੇਸ਼ ਭਰ ‘ਚ ਮਨਾਈ ਜਾ ਰਹੀ
ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਾਰ ਐਤਵਾਰ ਨੂੰ ਦੇਸ਼ ਭਰ ‘ਚ ਈਦ ਦਾ ਚੰਨ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਅੱਜ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਈਦ-ਉਲ-ਫਿਤਰ ਮੁਸਲਿਮ ਭਾਈਚਾਰੇ ਲਈ ਇਕ ਮਹੱਤਵਪੂਰਨ ਧਾਰਮਿਕ ਤਿਉਹਾਰ ਹੈ, ਜੋ ਭਾਈਚਾਰੇ ਅਤੇ ਏਕਤਾ ਦਾ ਪ੍ਰਤੀਕ ਹੈ।