ਲਖਨਊ : ਉੱਤਰ ਪ੍ਰਦੇਸ਼ ‘ਚ ਧਾਰਮਿਕ ਸਥਾਨਾਂ ਦੇ ਨੇੜੇ ਗ਼ੈਰ-ਕਾਨੂੰਨੀ ਬੁੱਚੜਖਾਨੇ ਅਤੇ ਮੀਟ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਯੋਗੀ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਧਾਰਮਿਕ ਸਥਾਨਾਂ ਦੇ 500 ਮੀਟਰ ਦੇ ਦਾਇਰੇ ‘ਚ ਮੀਟ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ੈਸਲਾ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਨਾਜਾਇਜ਼ ਬੁੱਚੜਖਾਨਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਅੰਮ੍ਰਿਤ ਅਭਿਜਾਤ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ, ਪੁਲਿਸ ਕਮਿਸ਼ਨਰਾਂ ਅਤੇ ਮਿਉਂਸਪਲ ਕਮਿਸ਼ਨਰਾਂ ਨੂੰ ਬੁੱਚੜਖਾਨੇ ਤੁਰੰਤ ਬੰਦ ਕਰਨ ਅਤੇ ਧਾਰਮਿਕ ਸਥਾਨਾਂ ਨੇੜੇ ਮੀਟ ਦੀ ਵਿਕਰੀ ‘ਤੇ ਪਾਬੰਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਪੁਲਿਸ, ਸਿਹਤ, ਟਰਾਂਸਪੋਰਟ ਅਤੇ ਫੂਡ ਸੇਫ਼ਟੀ ਦੇ ਅਧਿਕਾਰੀ ਗ਼ੈਰ-ਕਾਨੂੰਨੀ ਬੁੱਚੜਖਾਨਿਆਂ ਅਤੇ ਮੀਟ ਦੀ ਵਿਕਰੀ ‘ਤੇ ਨਜ਼ਰ ਰੱਖਣਗੇ। ਸਰਕਾਰ ਨੇ ਇਸ ਲਈ ਇੱਕ ਵਿਸ਼ੇਸ਼ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਰਾਮ ਨੌਮੀ ‘ਤੇ ਵਿਸ਼ੇਸ਼ ਸਖ਼ਤੀ ਦੇ ਹੁਕਮ ਦਿੱਤੇ ਗਏ ਹਨ। 6 ਅਪ੍ਰੈਲ ਨੂੰ ਪਸ਼ੂਆਂ ਦੇ ਵੱਢਣ ਅਤੇ ਮੀਟ ਦੀ ਵਿਕਰੀ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ। ਉਲੰਘਣ ਕਰਨ ਵਾਲਿਆਂ ਵਿਰੁੱਧ ਯੂਪੀ ਮਿਉਂਸਪਲ ਕਾਰਪੋਰੇਸ਼ਨ ਐਕਟ ਅਤੇ ਫੂਡ ਸੇਫ਼ਟੀ ਐਕਟ ਦੇ ਤਹਿਤ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
2014 ਅਤੇ 2017 ‘ਚ ਜਾਰੀ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਯੋਗੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਧਾਰਮਿਕ ਸਥਾਨਾਂ ਦੇ ਨੇੜੇ ਗ਼ੈਰ-ਕਾਨੂੰਨੀ ਜਾਨਵਰਾਂ ਦੇ ਕਤਲੇਆਮ ਅਤੇ ਮੀਟ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਸ ਫ਼ੈਸਲੇ ਨੂੰ ਪ੍ਰਭਾਵੀ ਬਣਾਉਣ ਲਈ ਜ਼ਿਲ੍ਹਾ ਮੈਜਿਸਟਰੇਟਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੁਲਿਸ, ਪ੍ਰਦੂਸ਼ਣ ਕੰਟਰੋਲ ਬੋਰਡ, ਪਸ਼ੂ ਪਾਲਣ ਵਿਭਾਗ, ਟਰਾਂਸਪੋਰਟ ਵਿਭਾਗ, ਲੇਬਰ ਵਿਭਾਗ, ਸਿਹਤ ਵਿਭਾਗ ਅਤੇ ਫੂਡ ਸੇਫਟੀ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ। 6 ਅਪ੍ਰੈਲ 2025 ਨੂੰ ਰਾਮ ਨੌਮੀ ‘ਤੇ ਵਿਸ਼ੇਸ਼ ਪਾਬੰਦੀਆਂ ਲਗਾਈਆਂ ਜਾਣਗੀਆਂ, ਇਸ ਦਿਨ ਪਸ਼ੂਆਂ ਦੀ ਹੱਤਿਆ ਅਤੇ ਮਾਸ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਯੂਪੀ ਮਿਉਂਸਪਲ ਕਾਰਪੋਰੇਸ਼ਨ ਐਕਟ 1959 ਅਤੇ ਫੂਡ ਸੇਫਟੀ ਐਕਟ 2006 ਅਤੇ 2011 ਦੇ ਉਪਬੰਧਾਂ ਦੇ ਤਹਿਤ, ਯੋਗੀ ਸਰਕਾਰ ਨੇ ਅਧਿਕਾਰੀਆਂ ਨੂੰ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਦੰਡਕਾਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।