ਆਸਟ੍ਰੇਲੀਆ : ਆਸਟ੍ਰੇਲੀਆ ’ਚ ਚੋਣਾਂ ਦੀ ਮਿਤੀ ਦਾ ਐਲਾਨ ਹੋ ਗਿਆ ਹੈ, ਜਿਥੇ ਹੁਣ 3 ਮਈ ਨੂੰ ਆਮ ਚੋਣਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਚੋਣਾਂ ’ਚ ਵਧਦੀ ਜਾ ਰਹੀ ਮਹਿੰਗਾਈ ਅਤੇ ਲੋਕਾਂ ਦੇ ਰਹਿਣ ਲਈ ਘਰਾਂ ਦੀ ਕਮੀ ਮੁੱਖ ਚੋਣ ਮੁੱਦੇ ਹੋ ਸਕਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਖੱਬੇ-ਪੱਖੀ ‘ਲੇਬਰ ਪਾਰਟੀ’ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਲਬਾਨੀਜ਼ ਨੇ ਬੀਤੇ ਦਿਨ ਚੋਣ ਪ੍ਰਕਿ ਰਿਆ ਸ਼ੁਰੂ ਕਰਨ ਲਈ ਗਵਰਨਰ ਜਨਰਲ ਸੈਮ ਮੋਸਟਿਨ ਦੇ ਸਰਕਾਰੀ ਨਿਵਾਸ ਸਥਾਨ ’ਤੇ ਜਾ ਕੇ ਕੰਮ ਕੀਤਾ ਅਤੇ ਬਾਅਦ ਵਿਚ ਸੰਸਦ ਭਵਨ ਵਿਖੇ ਇਕ ਨਿਊਜ਼ ਕਾਨਫ਼ਰੰਸ ਦੌਰਾਨ ਚੋਣ ਮਿਤੀ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ, ‘ਸਾਡੀ ਸਰਕਾਰ ਨੇ ਵਿਸ਼ਵਵਿਆਪੀ ਚੁਣੌਤੀਆਂ ਨਾਲ ਨਜਿੱਠਣ ਲਈ ਆਸਟ੍ਰੇਲੀਆਈ ਤਰੀਕਾ ਚੁਣਿਆ ਹੈ ਤੇ ਭਵਿੱਖ ਲਈ ਨਿਰਮਾਣ ਕਰਦੇ ਹੋਏ ਲੋਕਾਂ ਨੂੰ ਰਹਿਣ-ਸਹਿਣ ਦੇ ਖ਼ਰਚਿਆਂ ਦੇ ਦਬਾਅ ਨਾਲ ਨਜਿੱਠਣ ਵਿਚ ਮਦਦ ਕਰਨਾਠ ਹੈ। ਕਈ ਵਿਸ਼ਲੇਸ਼ਕਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਦੀ ਲਿਬਰਲ ਪਾਰਟੀ ਦੀ ਅਗਵਾਈ ਵਾਲਾ ਕੰਜ਼ਰਵੇਟਿਵ ਗਠਜੋੜ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗਾ। ਅਲਬਾਨੀਜ਼ ਦੇ ਸੱਤਾ ਵਿਚ ਆਉਣ ਤੋਂ ਬਾਅਦ ਆਸਟ੍ਰੇਲੀਆ ਵਿਚ ਮਹਿੰਗਾਈ ਕਾਫ਼ੀ ਵਧ ਗਈ ਹੈ ਤੇ ਲੋਕਾਂ ਦੇ ਰਹਿਣ-ਸਹਿਣ ਦਾ ਖ਼ਰਚਾ ਵੀ ਵਧ ਗਿਆ ਹੈ। ਪਿਛਲੀਆਂ ਚੋਣਾਂ ਤੋਂ ਬਾਅਦ ਵਿਆਜ ਦਰਾਂ 12 ਵਾਰ ਵਧਾਈਆਂ ਗਈਆਂ ਹਨ। ਅਲਬਾਨੀਜ਼ ਨੇ 2023 ਵਿਚ ਪੰਜ ਸਾਲਾਂ ਵਿਚ 1.2 ਮਿਲੀਅਨ ਘਰ ਬਣਾ ਕੇ ਘਰਾਂ ਦੀ ਘਾਟ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦਿਸ਼ਾ ਵਿਚ ਤਰੱਕੀ ਕਾਫ਼ੀ ਹੌਲੀ ਰਹੀ ਹੈ।