ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਪੰਜਾਬ ਵਿੱਚ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਹਾਈਬ੍ਰਿਡ ਬੀਜਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸਰਕਾਰ ਕਿਸਾਨਾਂ ਨੂੰ ਅਸਲੀ ਬੀਜ ਮੁਹੱਈਆ ਕਰਵਾਏਗੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਹਲਕਾ ਧੂਰੀ ਦੇ ਘਨੌਰੀ ਕਲਾਂ ਵਿਖੇ ਸਕੂਲ ਆਫ਼ ਐਮੀਨੈਂਸ ਦਾ ਦੌਰਾ ਕਰ ਰਹੇ ਸਨ। ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਜੋ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ, ਵੀ ਮੀਟਿੰਗ ਵਿੱਚ ਮੌਜੂਦ ਸਨ। ਮਾਪੇ-ਅਧਿਆਪਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ 6-6 ਜਾਂ 7-7 ਜ਼ਿ ਲ੍ਹਿਆਂ ਦੇ 4 ਜ਼ੋਨ ਬਣਾਏ ਜਾਣਗੇ, ਜਿਨ੍ਹਾਂ ‘ਚ ਵੱਖ-ਵੱਖ ਤਰੀਕਾਂ ‘ਤੇ ਝੋਨੇ ਦੀ ਬਿਜਾਈ ਕੀਤੀ ਜਾਵੇਗੀ। ਇਸ ਤਰ੍ਹਾਂ ਇਹ ਸੀਜ਼ਨ ਲੰਬੇ ਸਮੇਂ ਤੱਕ ਚੱਲੇਗਾ, ਜਿਸ ਦਾ ਫਾਇਦਾ ਸਾਰਿਆਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਹਾਈਬ੍ਰਿਡ ਬੀਜਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਉਹ ਕਿਸਾਨਾਂ ਨੂੰ ਅਸਲੀ ਬੀਜ (ਪੀਆਰ 126, 127, 128 ਅਤੇ 129) ਪ੍ਰਦਾਨ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਬਿਜਲੀ 16-17 ਜੂਨ ਤੋਂ ਸ਼ੁਰੂ ਹੁੰਦੀ ਸੀ, ਜਿਸ ਕਾਰਨ ਸੀਜ਼ਨ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਚਲਦਾ ਸੀ ਪਰ ਉਦੋਂ ਤੱਕ ਨਮੀ ਦਾ ਪੱਧਰ ਵੱਧ ਜਾਂਦਾ ਹੈ। ਐਫ.ਸੀ.ਆਈ. ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਨਮੀ ਦਾ ਪੱਧਰ 18 ਪ੍ਰਤੀਸ਼ਤ ਹੈ। ਇਸ ਲਈ ਇਸ ਵਾਰ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਬਿਜਲੀ ਅਤੇ ਪਾਣੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।