ਚੰਡੀਗੜ੍ਹ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ ਕਿ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹੋਏ ਸਨ, ਅੱਜ ਪਾਣੀ ਪੀਣ ‘ਤੇ ਸਹਿਮਤ ਹੋਏ। ਉਨ੍ਹਾਂ ਨੇ ਇਹ ਕਹਿ ਕੇ ਪਾਣੀ ਵੀ ਛੱਡ ਦਿੱਤਾ ਸੀ ਕਿ ਜਦ ਤਕ ਕਿਸਾਨਾਂ ਦੀ ਰਿਹਾਈ ਨਹੀਂ ਹੁੰਦੀ, ਉਹ ਨਾਂ ਤਾਂ ਭੋਜਨ ਲੈਣਗੇ ਅਤੇ ਨਾ ਹੀ ਪਾਣੀ ਪੀਣਗੇ।
ਅੱਜ, ਜਦ ਕਿਸਾਨਾਂ ਨੂੰ ਰਿਹਾਅ ਕੀਤਾ ਗਿਆ, ਤਾਂ ਡੱਲੇਵਾਲ ਨੇ ADGP ਜਸਕਰਨ ਸਿੰਘ, DIG ਨਰਿੰਦਰ ਭਾਰਗਵ, DSP ਹਰਜਿੰਦਰ ਸਿੰਘ ਗਿੱਲ ਦੀ ਮੌਜੂਦਗੀ ‘ਚ ਪਾਣੀ ਪੀਤਾ। ਡੱਲੇਵਾਲ ਦੀ ਤਬੀਅਤ ਪਿਛਲੇ ਕਈ ਦਿਨਾਂ ਤੋਂ ਵਿਗੜ ਰਹੀ ਸੀ, ਕਿਉਂਕਿ ਉਹ ਪੂਰੀ ਤਰ੍ਹਾਂ ਭੁੱਖ ਹੜਤਾਲ ‘ਤੇ ਸਨ। ਡਾਕਟਰੀ ਟੀਮ ਨੇ ਵੀ ਉਨ੍ਹਾਂ ਦੀ ਹਾਲਤ ‘ਤੇ ਚਿੰਤਾ ਜ਼ਾਹਰ ਕੀਤੀ ਸੀ।
ਜਦ ਕਿਸਾਨਾਂ ਦੀ ਰਿਹਾਈ ਦਾ ਐਲਾਨ ਹੋਇਆ, ਤਾਂ ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਾਣੀ ਪੀਣ ਲਈ ਮਨਾਇਆ। ਆਖਿਰਕਾਰ, ਡੱਲੇਵਾਲ ਨੇ ਮਰਨ ਵਰਤ ਤੋੜ ਦਿੱਤਾ ਤੇ ਪਾਣੀ ਪੀਤਾ। ਇਸ ਘਟਨਾ ਨੇ ਪੰਜਾਬ ‘ਚ ਚੱਲ ਰਹੇ ਕਿਸਾਨ ਅੰਦੋਲਨ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸਾਨਾਂ ਦੀਆਂ ਹੋਰ ਮੰਗਾਂ ‘ਤੇ ਕਿੰਨਾ ਗੰਭੀਰ ਰਵਈਆ ਅਪਣਾਉਂਦੀ ਹੈ।