ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਨਵਾਂ ਹੰਗਾਮਾ ਹੋਇਆ, ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਵਾਕਆਊਟ ਕਰ ਦਿੱਤਾ। ਇਸ ਤਰ੍ਹਾਂ ਕਾਂਗਰਸੀ ਵਿਧਾਇਕਾਂ ਦੇ ਵਿਧਾਨ ਸਭਾ ਤੋਂ ਬਾਹਰ ਨਿਕਲਣ ‘ਤੇ ‘ਆਪ’ ਵਿਧਾਇਕ ਅਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਕੁਝ ਮਿੰਟ ਪਹਿਲਾਂ ਇੱਥੇ ਆਏ ਸਨ ਅਤੇ ਆਪਣੀ ਡਫਲੀ ਵਜਾ ਕੇ ਚਲੇ ਗਏ ਸਨ, ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਦੂਜਿਆਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ।
ਦਰਅਸਲ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਤੋਂ ਬਾਅਦ ਹੰਗਾਮਾ ਹੋਇਆ ਸੀ। ‘ਆਪ’ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਰਤੀ ਗਈ ਭਾਸ਼ਾ ‘ਤੇ ਸਖ਼ਤ ਇਤਰਾਜ਼ ਹੈ। ਬਾਜਵਾ ਨੂੰ ਪੂਰੇ ਸਦਨ ਵਿਚ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਹ ਸ਼ਬਦ ਕਿਵੇਂ ਕਹੇ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਅਤੇ ਇੰਦਰਜੀਤ ਕੌਰ ਮਾਨ ਵਿਚਾਲੇ ਤਿੱਖੀ ਬਹਿਸ ਹੋ ਗਈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਸੰਤ ਸੀਚੇਵਾਲ ਨੇ ਆਪਣੀ ਜ਼ਿੰਦਗੀ ਦੇ 16 ਸਾਲ 160 ਕਿਲੋਮੀਟਰ ਲੰਬੀ ਕਾਲੀ ਵੇਈਂ ਦੀ ਸਫਾਈ ਵਿਚ ਬਿਤਾਏ ਹਨ। ਏ.ਪੀ.ਜੇ. ਅਬਦੁਲ ਕਲਾਮ ਨੇ ਕਿਹਾ ਸੀ ਕਿ ਸੀਚੇਵਾਲ ਮਾਡਲ ਸਭ ਤੋਂ ਵਧੀਆ ਹੈ। ਸੰਤ ਸੀਚੇਵਾਲ ਨੂੰ ਦੇਸ਼ ਦੇ ਸਰਵਉੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੰਤ ਸੀਚੇਵਾਲ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹਨ, ਸਗੋਂ ਉਹ ਇਸ ਸਦਨ ਦੀ ਅਗਵਾਈ ਕਰਦੇ ਹਨ। ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਹੈ। ਕੀ ਇਹ ਇਕੱਲੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਹੈ ਜਾਂ ਪੂਰੀ ਕਾਂਗਰਸ ਦਾ ਬਿਆਨ ਹੈ? ਸੰਤ ਸੀਚੇਵਾਲ ਨੇ ਵਾਤਾਵਰਣ ਲਈ ਜੋ ਕੰਮ ਕੀਤਾ ਹੈ, ਉਸ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਮਤਾ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪੂਰੇ ਸਦਨ ਵਿੱਚ ਮੁਆਫੀ ਮੰਗਣੀ ਚਾਹੀਦੀ ਹੈ। ਹਰਜੋਤ ਬੈਂਸ ਦੇ ਇਸ ਬਿਆਨ ‘ਤੇ ਕਾਂਗਰਸ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਪੰਜਾਬ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਆਪਣੀ ਪਾਰਟੀ ਵੱਲੋਂ ਮਤਾ ਲੈ ਕੇ ਆਏ ਸਨ ਕਿ ਭਾਰਤ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰੇ ਪਰ ਉਨ੍ਹਾਂ ਨੂੰ ਸਦਨ ਵਿੱਚ ਇਹ ਪ੍ਰਸਤਾਵ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਪੀਕਰ ਨੇ ਮੈਨੂੰ ਬੋਲਣ ਦਾ ਸਮਾਂ ਦਿੱਤਾ ਸੀ, ਪਰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਉਨ੍ਹਾਂ ਨੇ ਇੱਕ ਮੈਂਬਰ ਨੂੰ ਖੜ੍ਹਾ ਕਰ ਦਿੱਤਾ ਅਤੇ ਮੇਰੇ ‘ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਅੱਜ ਸਪੀਕਰ ਦੇ ਵਿਵਹਾਰ ਵਿਚ ਫਰਕ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਦਿੱਲੀ ਤੋਂ ਸਿੱਧਾ ਸੰਕੇਤ ਸੀ। ਪੂਰੇ ਸਦਨ ਨੇ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।