ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚੋਂ ਝੋਨੇ ਦੀ ਲਿਫਟਿੰਗ ਦਾ ਮਾਮਲਾ ਮੰਤਰੀ ਕੋਲ ਚੁੱਕਿਆ ਹੈ ਤੇ ਮੰਤਰੀ ਨੂੰ ਦੱਸਿਆ ਹੈ ਕਿ 1 ਅਪ੍ਰੈਲ 2025 ਤੋਂ ਪੰਜਾਬ ਵਿਚ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਰੋਜ਼ਾਨਾ 25 ਮਾਲ ਗੱਡੀਆਂ ਰਾਹੀਂ ਝੋਨਾ ਪੰਜਾਬ ਵਿੱਚੋਂ ਚੁੱਕਿਆ ਜਾ ਰਿਹਾ ਹੈ ਤੇ ਇਨ੍ਹਾਂ ਮਾਲ ਗੱਡੀਆਂ ਵਿਚ ਛੇਤੀ ਹੀ ਵਾਧਾ ਕੀਤਾ ਜਾਵੇਗਾ ਅਤੇ ਮਈ 2025 ਤੱਕ ਪੂਰੀ ਲਿਫਟਿੰਗ ਮੁਕੰਮਲ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਰ ਡੀ ਐਫ ਦੇ ਬਕਾਏ ਦਾ ਮਸਲਾ ਵੀ ਚੁੱਕਿਆ ਤੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸ਼ਤਾਂ ਵਿਚ ਵੀ ਸੂਬੇ ਨੂੰ ਅਦਾਇਗੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਰ ਡੀ ਐਫ ਦੇ ਪੈਸੇ ਦੀ ਦੁਰਵਰਤੋਂ ਕੀਤੀ ਪਰ ਅਸੀਂ ਐਕਟ ਬਣਾ ਦਿੱਤਾ ਤੇ ਯਕੀਨੀ ਬਣਾਵਾਂਗੇ ਕਿ ਆਰ ਡੀ ਐਫ ਦੀ ਵਰਤੋਂ ਸਿਰਫ ਪੇਂਡੂ ਵਿਕਾਸ ਖਾਸ ਤੌਰ ’ਤੇ ਸੜਕਾਂ ਦੇ ਨਿਰਮਾਣ ’ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆੜ੍ਹਤੀਆਂ ਦੇ ਕਮਿਸ਼ਨ ਵਿਚ ਵਾਧੇ ਅਤੇ ਸਾਈਲੋਜ਼ ’ਤੇ ਆੜ੍ਹਤੀਆਂ ਨੂੰ ਕਮਿਸ਼ਨ ਦੇਣ ਦਾ ਮਸਲਾ ਵੀ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਬਹੁਤ ਹੀ ਹਾਂ ਪੱਖੀ ਮਾਹੌਲ ਵਿਚ ਹੋਈ। ਉਹਨਾਂ ਕਿਹਾ ਕਿ ਮੰਤਰੀ ਨੇ ਉਹਨਾਂ ਨੂੰ ਕਿਹਾ ਹੈ ਕਿ ਉਹ 3-4 ਦਿਨਾਂ ਵਿਚ ਫੈਸਲਾ ਲੈ ਕੇ ਉਹਨਾਂ ਨੂੰ ਸੂਚਿਤ ਕਰਨਗੇ।