ਨਵੀਂ ਦਿੱਲੀ : ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ । ਸੋਨੇ-ਚਾਂਦੀ ਦੀਆਂ ਕੀਮਤਾਂ ਅੱਜ ਅਸਮਾਨ ਨੂੰ ਛੂਹ ਰਹੀਆਂ ਹਨ। 10 ਗ੍ਰਾਮ ਸੋਨਾ 89 ਹਜ਼ਾਰ ਰੁਪਏ ਨੂੰ ਪਾਰ ਹੋ ਗਿਆ ਹੈ ਜਦੋਂਕਿ ਇਕ ਕਿਲੋ ਚਾਂਦੀ 98 ਹਜ਼ਾਰ ਰੁਪਏ ਤੋਂ ਉੱਪਰ ਵਿਕ ਰਹੀ ਹੈ। ਕੀਮਤਾਂ ਵਿਚ ਭਾਰੀ ਵਾਧੇ ਕਾਰਨ ਸਰਾਫ਼ਾ ਬਾਜ਼ਾਰ ਵਿਚ ਸੰਨਾਟਾ ਛਾਇਆ ਗਿਆ ਹੈ।
ਸੋਨੇ-ਚਾਂਦੀ ਦੀਆਂ ਦੀਆਂ ਕੀਮਤਾਂ ਵਧਣ ਕਾਰਨ ਗਾਹਕ ਹੁਣ ਗਹਿਣਿਆਂ ਦੀ ਖਰੀਦਦਾਰੀ ਕਰਨ ਤੋਂ ਕੰਨੀ ਕਤਰਾਉਣ ਲੱਗੇ ਹਨ, ਜਿਸ ਕਾਰਨ ਵਪਾਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਗਹਿਣਿਆਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਕਾਰਨ ਗਾਹਕ ਬਾਜ਼ਾਰ ਵਿਚ ਨਹੀਂ ਆ ਰਹੇ ਹਨ। ਇਸ ਕਾਰਨ ਦੁਕਾਨਦਾਰ ਵਿਹਲੇ ਬੈਠੇ ਹਨ ਅਤੇ ਉਨ੍ਹਾਂ ਦੀ ਆਮਦਨ ’ਤੇ ਡੂੰਘਾ ਅਸਰ ਪਿਆ ਹੈ।
ਚੌਕ ਸਿਵਲ ਲਾਈਨ ਕਟੜਾ ਦੇ ਜਿਊਲਰਜ਼ ਸੋਮਨਾਥ ਸਵਰਨਕਾਰ, ਅਨੂਪ, ਪੰਕਜ ਸਿੰਘ ਦਾ ਕਹਿਣਾ ਹੈ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ਵਧਣ ਕਾਰਨ ਕਾਰੋਬਾਰ ਕਾਫੀ ਮੱਠਾ ਪੈ ਗਿਆ ਹੈ। ਮਹਾਂ ਕੁੰਭ ਮੇਲੇ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਭੀੜ ਤੋਂ ਉਮੀਦ ਸੀ ਕਿ ਕਾਰੋਬਾਰ ਠੀਕ ਰਹੇਗਾ ਪਰ ਸ਼ਹਿਰ ’ਚ ਕਈ ਥਾਵਾਂ ’ਤੇ ਲੱਗੇ ਬੈਰੀਕੇਡਾਂ ਅਤੇ ਜਾਮ ਕਾਰਨ ਸਰਾਫ਼ਾ ਬਾਜ਼ਾਰ ’ਚ ਗਾਹਕ ਨਹੀਂ ਪਹੁੰਚ ਰਹੇ ।
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਸੋਨੇ-ਚਾਂਦੀ ਦੇ ਗਹਿਣੇ ਵੀ ਨਹੀਂ ਪਹੁੰਚ ਰਹੇ ਹਨ। ਇਹ ਸਥਿਤੀ ਪਿਛਲੇ ਇਕ ਮਹੀਨੇ ਤੋਂ ਬਣੀ ਹੋਈ ਹੈ। ਇਸ ਸਭ ਕਾਰਨ ਸਰਾਫਾ ਬਾਜ਼ਾਰ ਵਿਚ ਡੂੰਘਾ ਸੰਕਟ ਹੈ। ਇਲਾਹਾਬਾਦ ਸਰਾਫ਼ਾ ਸੰਘ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਸਿੰਘ ਦਾ ਕਹਿਣਾ ਹੈ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਕਾਰੋਬਾਰ ਪ੍ਰਭਾਵਿਤ ਹੋਇਆ ਹੈ।
ਬੈਰੀਕੇਡਾਂ ਅਤੇ ਜਾਮ ਕਾਰਨ ਗਾਹਕ ਨਹੀਂ ਆ ਰਹੇ। ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਕਾਰੋਬਾਰੀਆਂ ਨੂੰ 26 ਫ਼ਰਵਰੀ ਤਕ ਆਪਣੇ ਕਾਰੋਬਾਰ ਬੰਦ ਕਰਨੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਘਟਦੇ ਕਾਰੋਬਾਰ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਜੇਕਰ ਸਥਿਤੀ ਜਲਦੀ ਨਾ ਸੁਧਰੀ ਤਾਂ ਸਰਾਫਾ ਕਾਰੋਬਾਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ।