ਪੰਚਕੂਲਾ : ਪੰਚਕੂਲਾ ਵਿੱਚ ਬੀਤੇ ਦਿਨ 10 ਨਗਰ ਨਿਗਮਾਂ ਦੇ ਮੇਅਰਾਂ, 28 ਨਗਰ ਕੌਂਸਲਾਂ ਦੇ ਮੁਖੀਆਂ ਅਤੇ 687 ਵਾਰਡਾਂ ਦੇ ਕੌਂਸਲਰਾਂ ਨੇ ਸਹੁੰ ਚੁੱਕੀ। ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਨਗਰ ਨਿਗਮ ਲਈ 587 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ। ਇਸ ਤੋਂ ਇਲਾਵਾ, ਨਗਰ ਪਾਲਿਕਾ ਦੀਆਂ ਸੇਵਾਵਾਂ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਈ-ਸਮਾਧਾਨ ਐਪ, ਅਰਬਨ ਕਨੈਕਟ ਐਪ ਅਤੇ ਸੰਸਥਾਵਾਂ ਨਾਲ ਜੁੜੀ ਵੈਬਸਾਈਟ ਲਾਂਚ ਕੀਤੀ ਗਈ।
ਇਸ ਦੇ ਨਾਲ ਹੀ , ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਨੇ ਮੇਅਰ ਦੇ ਮਾਣ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੇਅਰ ਦਾ ਮਾਣ ਭੱਤਾ ਵਧਾ ਕੇ 30,000 ਰੁਪਏ ਕਰ ਦਿੱਤਾ ਹੈ। ਸੀਨੀਅਰ ਡਿਪਟੀ ਮੇਅਰ ਨੂੰ ਹੁਣ 25,000 ਰੁਪਏ ਅਤੇ ਡਿਪਟੀ ਮੇਅਰ ਨੂੰ 20,000 ਰੁਪਏ ਮਾਣ ਭੱਤਾ ਮਿਲੇਗਾ। ਇਸੇ ਤਰ੍ਹਾਂ ਨਗਰ ਕੌਂਸਲ ਦੇ ਮੁਖੀ ਨੂੰ 18,000 ਰੁਪਏ, ਨਗਰ ਪਾਲਿਕਾ ਦੇ ਮੁਖੀ ਨੂੰ 15,000 ਰੁਪਏ ਅਤੇ ਉਪ ਮੁਖੀ ਨੂੰ 12,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਕੌਂਸਲਰਾਂ ਦੇ ਮਾਣ ਭੱਤੇ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਪਹਿਲਾਂ ਇੰਨਾ ਮਿਲਦਾ ਸੀ ਮਾਣ ਭੱਤਾ
ਇਸ ਤੋਂ ਪਹਿਲਾਂ ਮੇਅਰ ਨੂੰ 20,500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲਦਾ ਸੀ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਨੂੰ 16,500 ਰੁਪਏ, ਡਿਪਟੀ ਮੇਅਰ ਨੂੰ 13,000 ਰੁਪਏ ਅਤੇ ਕੌਂਸਲਰਾਂ ਨੂੰ 10,500 ਰੁਪਏ ਮਿਲਦੇ ਸਨ।