ਅਮਰੀਕਾ : ਹਾਲ ਹੀ ‘ਚ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ‘ਚ ਪੜ੍ਹਾਈ ਲਈ ਮਿਲਣ ਵਾਲੇ ਐੱਫ-1 ਵੀਜ਼ਾ ਰੱਦ ਕਰਨ ਦੀ ਦਰ ਪਿਛਲੇ 10 ਸਾਲਾਂ ‘ਚ ਸਭ ਤੋਂ ਜ਼ਿਆਦਾ ਹੋ ਗਈ ਹੈ। ਵਿੱਤੀ ਸਾਲ 2023-24 ‘ਚ 2,79,000 ਐੱਫ-1 ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜੋ ਕੁੱਲ ਅਰਜ਼ੀਆਂ ਦਾ ਵੱਡਾ ਹਿੱਸਾ ਹੈ।
ਇਸ ਤੋਂ ਇਲਾਵਾ ਕੁੱਲ 6.79 ਲੱਖ ਅਰਜ਼ੀਆਂ ਵਿਚੋਂ ਸਿਰਫ 4.01 ਲੱਖ ਵੀਜ਼ਾ ਜਾਰੀ ਕੀਤੇ ਗਏ, ਜੋ ਪਿਛਲੇ ਸਾਲ 4.45 ਲੱਖ ਸਨ। ਸਾਲ 2014-15 ‘ਚ ਐੱਫ-1 ਵੀਜ਼ਾ ਲਈ ਕੁੱਲ 8.56 ਲੱਖ ਅਰਜ਼ੀਆਂ ਆਈਆਂ ਸਨ ਪਰ ਉਦੋਂ ਤੋਂ ਇਨ੍ਹਾਂ ਦੀ ਗਿਣਤੀ ‘ਚ ਲਗਾਤਾਰ ਗਿਰਾਵਟ ਆਈ ਹੈ। ਸਾਲ 2019-20 ‘ਚ ਕੋਵਿਡ ਮਹਾਮਾਰੀ ਕਾਰਨ ਇਹ ਗਿਣਤੀ ਘੱਟ ਕੇ ਸਿਰਫ 1.62 ਲੱਖ ਰਹਿ ਗਈ ਸੀ। ਹਾਲਾਂਕਿ ਕੋਵਿਡ ਤੋਂ ਬਾਅਦ ਇਹ ਵਧਿਆ, ਪਰ 2023-24 ਵਿੱਚ ਵੀਜ਼ਾ ਅਰਜ਼ੀਆਂ ਵਿੱਚ 3٪ ਦੀ ਗਿਰਾਵਟ ਆਈ।
ਭਾਰਤੀ ਵਿਦਿਆਰਥੀਆਂ ਲਈ ਮੁਸ਼ਕਲਾਂ ਵਧੀਆਂ
ਭਾਰਤ ਤੋਂ ਅਮਰੀਕਾ ਵਿਚ ਪੜਾਈ ਦੇ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੈ , ਪਰ ਵੀਜ਼ਾ ਰੱਦ ਹੋਣ ਦੀ ਵਧਦੀ ਦਰ ਨੇ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਹੈ। ਸਾਲ 2023 ‘ਚ ਜਨਵਰੀ ਤੋਂ ਸਤੰਬਰ ਤੱਕ ਭਾਰਤੀ ਵਿਦਿਆਰਥੀਆਂ ਨੂੰ 1.03 ਲੱਖ ਐੱਫ-1 ਵੀਜ਼ਾ ਮਿਲੇ ਸਨ, ਜਦੋਂ ਕਿ 2024 ‘ਚ ਇਹ ਗਿਣਤੀ ਘੱਟ ਕੇ 64,008 ਰਹਿ ਗਈ।
ਅਮਰੀਕੀ ਵਿਦੇਸ਼ ਵਿਭਾਗ ਦਾ ਬਿਆਨ
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਵੀਜ਼ਾ ਫ਼ੈਸਲੇ ਇਮੀਗ੍ਰੇਸ਼ਨ ਐਂਡ ਨੈਸ਼ਨਲਿਟੀ ਐਕਟ (ਆਈ.ਐਨ.ਏ.) ਦੇ ਤਹਿਤ ਕੇਸ-ਦਰ-ਕੇਸ ਆਧਾਰ ‘ਤੇ ਲਏ ਜਾਂਦੇ ਹਨ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਐਫ-1 ਵੀਜ਼ਾ ਰੱਦ ਕਰਨ ਦੀ ਦੇਸ਼-ਵਾਰ ਦਰ ਦੇ ਅੰਕੜੇ ਜਨਤਕ ਨਹੀਂ ਕੀਤੇ ਜਾਂਦੇ।
ਦੂਜੇ ਦੇਸ਼ਾਂ ਦੀਆਂ ਸਖਤ ਨੀਤੀਆਂ ਵੀ ਬਣੀਆਂ ਇਸ ਦਾ ਕਾਰਨ
ਐਫ-1 ਵੀਜ਼ਾ ਰੱਦ ਕਰਨ ਵਿਚ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੈਨੇਡਾ ਅਤੇ ਹੋਰ ਦੇਸ਼ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰ ਰਹੇ ਹਨ। ਕੈਨੇਡਾ ਨੇ 2024 ਵਿੱਚ ਸਟੱਡੀ ਪਰਮਿਟਾਂ ਦੀ ਗਿਣਤੀ ਵਿੱਚ 35٪ ਦੀ ਕਟੌਤੀ ਦਾ ਐਲਾਨ ਕੀਤਾ, ਜਿਸ ਨੂੰ 2025 ਵਿੱਚ ਹੋਰ 10٪ ਘਟਾਉਣ ਦੀ ਯੋਜਨਾ ਹੈ।
ਭਾਰਤੀ ਵਿਦਿਆਰਥੀ ਬਣੇ ਅਮਰੀਕਾ ‘ਚ ਸਭ ਤੋਂ ਵੱਡਾ ਅੰਤਰਰਾਸ਼ਟਰੀ ਗਰੁੱਪ
ਓਪਨ ਡੋਰਸ 2024 ਦੀ ਰਿਪੋਰਟ ਮੁਤਾਬਕ 2023-24 ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚੀਨੀ ਵਿਦਿਆਰਥੀਆਂ ਨੂੰ ਪਿੱਛੇ ਛੱਡ ਗਈ ਹੈ। ਅਮਰੀਕਾ ‘ਚ ਪੜ੍ਹ ਰਹੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਚ ਭਾਰਤੀਆਂ ਦੀ ਹਿੱਸੇਦਾਰੀ 29.4 ਫੀਸਦੀ ਹੈ। ਇਸ ਸਾਲ ਕੁੱਲ 3.31 ਲੱਖ ਭਾਰਤੀ ਵਿਦਿਆਰਥੀ ਅਮਰੀਕਾ ‘ਚ ਪੜ੍ਹ ਰਹੇ ਹਨ, ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ।
ਅਮਰੀਕੀ ਸਰਕਾਰ ਨੇ ਹਾਲ ਹੀ ‘ਚ ਵੀਜ਼ਾ ਡਾਟਾ ਗਣਨਾ ਦੇ ਤਰੀਕੇ ‘ਚ ਬਦਲਾਅ ਕੀਤਾ ਹੈ, ਜਿਸ ਨਾਲ ਵੀਜ਼ਾ ਜਾਰੀ ਕਰਨ ਅਤੇ ਇਨਕਾਰ ਕਰਨ ਵਾਲਿਆਂ ਦੀ ਗਿਣਤੀ ‘ਚ ਥੋੜ੍ਹਾ ਜਿਹਾ ਬਦਲਾਅ ਹੋ ਸਕਦਾ ਹੈ। ਹਾਲਾਂਕਿ ਭਾਰਤੀ ਵਿਦਿਆਰਥੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਲਗਾਤਾਰ ਵੱਧ ਰਹੀ ਅਸਵੀਕਾਰ ਦਰ ਕਾਰਨ ਅਮਰੀਕਾ ‘ਚ ਪੜ੍ਹਾਈ ਕਰਨ ਦੇ ਮੌਕੇ ਮੁਸ਼ਕਲ ਹੁੰਦੇ ਜਾ ਰਹੇ ਹਨ।